ਜਗਰਾਉਂ, 2 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ ਦਾ ਦੋ ਦਿਨਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ ਅੰਡਰ-19 ਅਤੇ ਅੰਡਰ-14 ਲੜਕੇ-ਲੜਕੀਆਂ ਦੀਆਂ ਲਗਭਗ 48 ਟੀਮਾਂ ਪਹੁੰਚੀਆਂ | ਲਗਾਤਾਰ ਦੋ ਦਿਨ ਚੱਲੇ ਇਸ ਟੂਰਨਾਮੈਂਟ ਵਿਚ ਹਰ ਇਕ ਖਿਡਾਰੀ ਨੇ ਆਪਣੀ ਪ੍ਰਤਿਭਾ ਦਿਖਾਈ ਅਤੇ ਨਤੀਜਿਆਂ ਵੱਲ ਪਹੁੰਚਦੀਆਂ ਟੀਮਾਂ ਵਿਚ ਅੰਡਰ-14 ਲੜਕੇ ਵਿਚ ਬਾਲ-ਭਾਰਤੀ ਸਕੂਲ ਪਹਿਲੇ, ਡੀ.ਸੀ.ਐੱਮ ਪ੍ਰੈਜ਼ੀਡੈਂਸੀ ਦੂਸਰੇ ਅਤੇ ਬੀ.ਵੀ.ਐੱਮ. ਸਕੂਲ ਤੀਸਰੇ ਸਥਾਨ 'ਤੇ ਰਹੇ | ਅੰਡਰ-14 ਲੜਕੀਆਂ ਵਿਚ ਡੀ.ਏ.ਵੀ ਪੱਖੋਵਾਲ ਪਹਿਲੇ, ਬਲੌਜ਼ਮ ਕਾਨਵੈਂਟ ਦੂਸਰੇ ਅਤੇ ਡੀ.ਏ.ਵੀ ਬੀ.ਆਰ. ਐੱਸ ਨਗਰ ਤੀਸਰੇ ਸਥਾਨ 'ਤੇ ਰਹੇ, ਅੰਡਰ-19 ਲੜਕੀਆਂ ਵਿਚ ਸਪਰਿੰਗ ਡੇਲ ਪਬਲਿਕ ਸਕੂਲ ਪਹਿਲੇ, ਬਲੌਜ਼ਮ ਕਾਨਵੈਂਟ ਸਕੂਲ ਦੂਸਰੇ ਅਤੇ ਦਰਸ਼ਨ ਅਕੈਡਮੀ ਤੀਸਰੇ ਸਥਾਨ 'ਤੇ ਰਹੇ, ਅੰਡਰ-19 ਲੜਕਿਆਂ ਵਿਚ ਬੀ.ਸੀ.ਐੱਮ 32 ਸੈਕਟਰ ਪਹਿਲੇ, ਬੀ.ਵੀ.ਐੱਮ ਊਦਮ ਸਿੰਘ ਨਗਰ ਦੂਸਰੇ ਅਤੇ ਬੀ.ਸੀ.ਐੱਮ ਦੁੱਗਰੀ ਬਸੰਤ ਐਵੀਨਿਊ ਤੀਸਰੇ ਸਥਾਨ 'ਤੇ ਰਹੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਖਿਡਾਰੀਆਂ ਨੂੰ ਸੰਬੋਧਨ ਕੀਤਾ ਕਿ ਕਿਸੇ ਨਤੀਜੇ 'ਤੇ ਪਹੁੰਚਣ ਲਈ ਜਿੱਤ ਅਤੇ ਹਾਰ ਤਾਂ ਤਹਿ ਹੁੰਦੀ ਹੈ, ਪਰ ਹਾਰ ਤੋਂ ਸਾਨੂੰ ਆਪਣੀਆਂ ਗਲਤੀਆਂ ਦਾ ਪਤਾ ਲੱਗਦਾ ਹੈ ਜੋ ਸਾਨੂੰ ਆਉਣ ਵਾਲੇ ਸਮੇਂ ਵਿਚ ਜਿੱਤਾਂ ਵੱਲ ਲੈ ਕੇ ਜਾਂਦੀਆਂ ਹਨ | ਉਨ੍ਹਾਂ ਸਾਰੀਆਂ ਜੇਤੂ ਟੀਮਾਂ ਨੂੰ ਉਨ੍ਹਾਂ ਦੇ ਕੋਚ ਸਾਹਿਬਾਨਾਂ ਨੂੰ ਵਧਾਈ ਦਿੱਤੀ | ਉਨ੍ਹਾਂ ਸਕੂਲ ਦੇ ਡੀ.ਪੀ.ਈ. ਸਾਹਿਬਾਨ ਅਮਨਦੀਪ ਸਿੰਘ, ਸੁਖਜਿੰਦਰ ਸਿੰਘ, ਦਲਜੀਤ ਕੌਰ, ਗੁਰਪ੍ਰੀਤ ਕੌਰ ਅਤੇ ਜਿੰਨੇ ਵੀ ਟੂਰਨਾਮੈਂਟ ਵਿਚ ਡਿਊਟੀ ਨਿਭਾਅ ਰਹੇ ਅਧਿਆਪਕਾਂ ਦਾ ਤਨਦੇਹੀ ਨਾਲ ਟੂਰਨਾਮੈਂਟ ਨੂੰ ਹਰ ਪੱਖੋਂ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਧੰਨਵਾਦ ਕੀਤਾ | ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਮੈਡਲ ਦਿੱਤੇ ਗਏ | ਇਸ ਮੌਕੇ ਸਕੂਲ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵੀ ਸਾਰੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ |