ਗੁਰੂਸਰ ਸੁਧਾਰ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਰਕਾਰੀ ਆਈ.ਟੀ.ਆਈਜ਼. ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰਾਂ ਦੀ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਮੁਲਾਜ਼ਮ ਯੂਨੀਅਨ ਪੰਜਾਬ ਦੇ ਬੈਨਰ ਹੇਠ ਪੰਜਾਬ ਸਰਕਾਰ ਦੀਆਂ ਲੋਕ ਤੇ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ 6 ਨਵੰਬਰ ਨੂੰ ਤਰਨ ਤਾਰਨ ਜ਼ਿਮਨੀ ਚੋਣ 'ਚ ਧਰਨਾ ਦਿੱਤਾ ਜਾਵੇਗਾ | ਸੂਬਾ ਕਮੇਟੀ ਮੈਂਬਰਾਂ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਨਰਾਜ ਸਿੰਘ, ਰਵਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਜਿੰਦਰ ਸਿੰਘ, ਪਰਮਜੀਤ ਕੌਰ ਅਨੁਸਾਰ ਅਸੀਂ ਪਿਛਲੇ 15-16 ਸਾਲਾਂ ਤੋਂ ਪੰਜਾਬ ਦੀਆਂ ਸਰਕਾਰੀ ਆਈ.ਟੀ.ਆਈਜ਼. 'ਚ ਗਰੁੱਪ-ਬੀ ਕਰਾਫ਼ਟ ਇੰਸਟਰੱਕਟਰ ਵਜੋਂ ਤੇ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਮਹਿਜ਼ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਉੱਪਰ ਆਪਣਾ ਸੋਸ਼ਣ ਕਰਵਾ ਰਹੇ ਹਾਂ | ਯੂਨੀਅਨ ਦੇ ਸੂਬਾ ਕਮੇਟੀ ਮੈਂਬਰਾਂ ਨੇ ਇਹ ਵੀ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਸਰਕਾਰੀ ਆਈ.ਟੀ.ਆਈਜ਼. ਠੇਕਾ ਮੁਲਾਜ਼ਮਾਂ ਨਾਲ ਸ਼ਰੇ੍ਹਆਮ ਧੱਕਾ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 3 ਸਾਲਾਂ ਦੀਆਂ ਕੋਸ਼ਿਸ਼ਾਂ ਦੌਰਾਨ ਯੂਨੀਅਨ ਨੁਮਾਇੰਦਿਆਂ ਵਲੋਂ ਮੁੱਖ ਮੰਤਰੀ ਦੀ ਕੋਠੀ ਦੇ ਅਨੇਕਾਂ ਚੱਕਰ ਲਗਾਉਣ ਸਮੇਤ ਆਪਣੀਆਂ ਮੰਗਾਂ ਸਬੰਧੀ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਤੇ ਹੋਰਨਾਂ ਵਜ਼ੀਰਾਂ ਕੋਲ ਪਹੁੰਚ ਕਰ ਚੁੱਕੇ ਹਾਂ ਪ੍ਰੰਤੂ ਕੋਈ ਹੱਲ ਨਾ ਨਿਕਲਿਆ | ਯੂਨੀਅਨ ਦੇ ਸੂਬਾ ਕਮੇਟੀ ਮੈਂਬਰਾਂ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੌਰਾਨ 6 ਨਵੰਬਰ ਨੂੰ ਧਰਨਾ ਦੇ ਕੇ ਸਥਾਨਕ ਲੋਕਾਂ ਨੂੰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੋਂ ਜਾਣੂੰ ਕਰਵਾਇਆ ਜਾਵੇਗਾ |