ਹੰਬੜਾਂ, 3 ਨਵੰਬਰ (ਹਰਵਿੰਦਰ ਸਿੰਘ ਮੱਕੜ)-ਇੱਥੋਂ ਨਜ਼ਦੀਕੀ ਪਿੰਡ ਮਲਕਪੁਰ ਬੇਟ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਵਾਂਗ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਦੇ ਇਕ ਰੋਜ਼ਾ ਧਾਰਮਿਕ ਦੀਵਾਨ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਏ ਗਏ | ਇਸ ਸਮੇਂ ਸੰਤ ਪੰਜ ਭੈਣੀਆਂ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਨੂੰ ਵੀ ਸਾਦਾ ਜੀਵਨ ਬਤੀਤ ਕਰਦਿਆਂ ਹਮੇਸ਼ਾਂ ਸਦਾ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ | ਇਸ ਦੌਰਾਨ ਸੰਤ ਪੰਜ ਭੈਣੀਆਂ ਵਾਲਿਆਂ ਵਲੋਂ ਸਾਬਕਾ ਸਰਪੰਚ ਬਲਜਿੰਦਰ ਸਿੰਘ ਗਰੇਵਾਲ ਮਲਕਪੁਰ ਨੂੰ ਪਿਛਲੇ ਸਮੇਂ ਵਿਚ ਪਿੰਡ ਦੇ ਸਮਾਜਿਕ ਤੇ ਆਰਥਿਕ ਪੱਖੋਂ ਕੀਤੇ ਵੱਡੇ ਵਿਕਾਸ ਕਾਰਜਾਂ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਵਲੋਂ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਪ੍ਰਬੰਧਕੀ ਕਮੇਟੀ ਵਲੋਂ ਸੰਗਤ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਜਥੇਦਾਰ ਲਾਭ ਸਿੰਘ, ਸਾਬਕਾ ਪੰਚ ਸੰਤਾ ਸਿੰਘ, ਸਾਬਕਾ ਪੰਚ ਰਛਪਾਲ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਭਾਨ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਸੰਗਤ ਦੇ ਰੂਪ ਵਿਚ ਹਾਜ਼ਰ ਸਨ |