ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ, ਨਿਰਮਲ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਅੱਜ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਦੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਬੀਤੇ ਦਿਨਾਂ ਤੋਂ ਪ੍ਰਕਾਸ਼ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਤੋਂ ਪਹਿਲਾਂ ਪੂਰਾ ਇਕ ਹਫ਼ਤਾ ਸਕੂਲੀ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ | ਸਕੂਲ ਦੇ ਵਿਦਿਆਰਥੀਆਂ ਨੇ ਨੌਂਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਦਾ ਉਚਾਰਨ ਕਰਦਿਆਂ ਸ਼ਬਦ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂਸਰ ਸੁਧਾਰ ਦੇ ਹਜ਼ੂਰੀ ਤੇ ਉੱਘੇ ਕਥਾਵਾਚਕ ਭਾਈ ਰਵਿੰਦਰਪਾਲ ਸਿੰਘ ਨੇ ਹਾਜ਼ਰੀਨਾਂ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ, ਬਚਪਨ, ਜੀਵਨ, ਸਿੱਖਿਆਵਾਂ, ਸਿਧਾਂਤ ਤੇ ਸ਼ਹਾਦਤ ਬਾਰੇ ਕਥਾ-ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੰਗਤਾਂ ਗੁਰੂ ਸਾਹਿਬ ਵਾਂਗ ਵੈਰਾਗ, ਤਿਆਗ, ਸੰਜਮ ਤੇ ਸੰਤੋਖੀ ਭਰਿਆ ਜੀਵਨ ਜਿਊਣ | ਪ੍ਰਧਾਨ ਡਾ: ਐੱਚ.ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ: ਮਨਪ੍ਰੀਤ ਕੌਰ ਧਾਲੀਵਾਲ, ਪਿ੍ੰ: ਚੰਦਰ ਸ਼ੇਖ਼ਰ ਵਲੋਂ ਇਸ ਮੌਕੇ ਭਾਈ ਰਵਿੰਦਰਪਾਲ ਸਿੰਘ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਕੂਲ ਪ੍ਰਧਾਨ ਡਾ: ਐੱਚ.ਐੱਸ.ਧਾਲੀਵਾਲ ਨੇ ਹਾਜ਼ਰੀ ਭਰਨ ਵਾਲੀਆਂ ਵੱਡੀ ਗਿਣਤੀ ਅੰਦਰ ਸੰਗਤਾਂ ਦਾ ਧੰਨਵਾਦ ਕੀਤਾ |