ਸਿੱਧਵਾਂ ਬੇਟ, 23 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ: ਅੰਕੁਰ ਗੁਪਤਾ ਵਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਡੀ.ਐੱਸ.ਪੀ. ਪੁਲਿਸ ਡਿਵੀਜ਼ਨ ਜਗਰਾਉਂ ਜਸਵਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ 'ਤੇ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਏ.ਐੱਸ.ਆਈ. ਸੁਖਮੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਅਮਰਜੀਤ ਸਿੰਘ ਉਰਫ਼ ਅਮਰ ਪੁੱਤਰ ਸਰੂਪ ਸਿੰਘ ਵਾਸੀ ਗੱਟੀ ਰਾਜੇ ਕੇ ਥਾਣਾ ਸਦਰ ਫਿਰੋਜ਼ਪੁਰ ਅਤੇ ਧਰਮਪ੍ਰੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਕੋਟਉਮਰਾ ਥਾਣਾ ਸਿੱਧਵਾਂ ਬੇਟ ਆਪਸ ਵਿਚ ਰਿਸ਼ਤੇਦਾਰ ਹਨ ਤੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ | ਉਕਤ ਅੱਜ ਵੀ ਆਪਣੇ ਮੋਟਰਸਾਈਕਲ ਮਾਰਕਾ ਸਪਲੈਂਡਰ 'ਤੇ ਸਵਾਰ ਹੋ ਕੇ ਸਿੱਧਵਾਂ ਬੇਟ ਤੋਂ ਕਿਸ਼ਨਪੁਰਾ ਵੱਲ ਨੂੰ ਆ ਰਹੇ ਹਨ | ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਹਾਂ ਨੂੰ 253 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ | ਜਿੰਨ੍ਹਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾਂ ਨੰ.269 ਦਰਜ ਕੀਤਾ ਗਿਆ | ਇਸੇ ਤਰ੍ਹਾਂ ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਥਾਣੇਦਾਰ ਰਾਜਵਰਿੰਦਰਪਾਲ ਸਿੰਘ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਜਸ਼ਨਪ੍ਰੀਤ ਸਿੰਘ ਪੁੱਤਰ ਰਵੀ ਕੁਮਾਰ ਵਾਸੀ ਸਲੇਮਪੁਰਾ ਟਿੱਬਾ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ | ਜਿਸ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾ ਨੰ.268 ਦਰਜ ਕੀਤਾ ਗਿਆ | ਹੋਰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਨਸ਼ਾ ਵਿਰੋਧੀ ਐਕਟ ਅਤੇ ਹੋਰ ਸੰਗੀਨ ਧਰਾਵਾਂ ਤਹਿਤ 6 ਮਾਮਲੇ ਦਰਜ ਹੋਏ ਸਨ | ਉਨ੍ਹਾਂ ਆਖਿਆ ਕਿ ਬੇਟ ਇਲਾਕੇ ਵਿਚ ਨਸ਼ਿਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ | ਇਸ ਲਈ ਨਸ਼ਾ ਤਸਕਰ ਬਾਜ ਆ ਜਾਣ |