ਸਿੱਧਵਾਂ ਬੇਟ, 23 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਪਹਿਲੀ ਅਤੇ ਛੇਵੀਂ ਪਾਤਿਸ਼ਾਹੀ ਜੀ ਦੀ ਚਰਨਛੋਹ ਧਰਤੀ ਗੁਰਦੁਆਰਾ ਬਾਓਲੀ ਸਾਹਿਬ ਸੋਢੀਵਾਲ (ਗਿੱਦੜਵਿੰਡੀ) ਵਿਖੇ ਮੱਸਿਆ ਦੇ ਪਵਿੱਤਰ ਦਿਹਾੜੇ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਪਾਠਾਂ ਦੇ ਭੋਗ ਪਾਏ ਗਾਏ ਅਤੇ ਕੈਂਪ ਦੀ ਨਿਰਵਿਘਨ ਸਮਾਪਤੀ ਲਈ ਅਰਦਾਸ ਬੇਨਤੀ ਕੀਤੀ ਗਈ | ਭਾਈ ਮੁਹੱਬਤਪ੍ਰੀਤ ਸਿੰਘ ਅਤੇ ਭਾਈ ਗੁਰਮੇਲ ਸਿੰਘ ਦੇ ਰਾਗੀ ਜਥਿਆਂ ਨੇ ਦੀਵਾਨਾਂ ਵਿਚ ਹਾਜ਼ਰੀ ਭਰੀ | ਉਪਰੰਤ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਬਣੇ ਗੁਰੂ ਹਰਗੋਬਿੰਦ ਟਰੱਸਟ ਦੇ ਪ੍ਰਧਾਨ ਭਾਈ ਜਗਰਾਜ ਸਿੰਘ ਜਨੇਤਪੁਰਾ, ਖ਼ਜ਼ਾਨਚੀ ਭਾਈ ਕੁਲਵਿੰਦਰ ਸਿੰਘ ਲੀਲਾਂ ਦੇ ਸਹਿਯੋਗ ਅਤੇ ਸਾਬਕਾ ਸਰਪੰਚ ਕਰਨੈਲ ਸਿੰਘ ਜਨੇਤਪੁਰਾ ਤੇ ਕਿਸਾਨ ਆਗੂ ਬਚਿੱਤਰ ਸਿੰਘ ਜੌਹਲ ਦੇ ਉਪਰਾਲੇ ਸਦਕਾ ਜਗਰਾਉਂ ਦੇ ਕਰਨ ਸਿੰਗਲਾ ਹਸਪਤਾਲ ਅਤੇ ਬਲੱਡ ਸੈਂਟਰ ਦੀ ਟੀਮ ਕੋਲ 20 ਲੋਕਾਂ ਨੇ ਆਪਣਾ ਖ਼ੂਨਦਾਨ ਕੀਤਾ | ਇਸ ਮੌਕੇ ਡਾਕਟਰ ਕਰਨ ਸਿੰਗਲਾ ਅਤੇ ਹੋਰ ਪ੍ਰਬੰਧਕ ਵੀਰਾਂ ਦਾ ਸਨਮਾਨ ਕਰਦੇ ਹੋਏ ਭਾਈ ਜਗਰਾਜ ਸਿੰਘ ਨੇ ਆਖਿਆ ਕਿ ਨੌਜਵਾਨਾਂ ਵਲੋਂ ਦਾਨ ਕੀਤਾ ਖ਼ੂਨ ਕਿਸੇ ਲੋੜਵੰਦ ਦੀ ਜਾਨ ਬਚਾਉਣ ਵਿਚ ਸਹਾਈ ਸਿੱਧ ਹੋਵੇਗਾ | ਇਸ ਮੌਕੇ ਸਰਪੰਚ ਦਵਿੰਦਰ ਸਿੰਘ ਜਨੇਤਪੁਰਾ, ਭਾਈ ਗੁਰਮੁੱਖ ਸਿੰਘ ਸ਼ੇਖਦੌਲਤ, ਸ਼ਮਸੇਰ ਸਿੰਘ ਸਦਰਪੁਰਾ, ਕੁਲਦੀਪ ਸਿੰਘ ਗਿੱਲ ਗਿੱਦੜਵਿੰਡੀ, ਜਸਵੰਤ ਸਿੰਘ ਮਲਸੀਹਾਂ ਬਾਜਣ, ਸਰਪੰਚ ਚਰਨ ਸਿੰਘ ਸੋਢੀਵਾਲ, ਕਰਮਜੀਤ ਸਿੰਘ ਜਨੇਤਪੁਰਾ, ਜਗਮੋਹਨ ਸਿੰਘ ਸੋਢੀਵਾਲ ਆਦਿ ਨੇ ਵੀ ਕੈਂਪ ਵਿਚ ਆਪਣਾ ਬਣਦਾ ਯੋਗਦਾਨ ਪਾਇਆ |