ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਹਠੂਰ, 29 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਗੁਰ ਨਾਨਕ ਦੇਵ ਆਈ. ਟੀ.
ਹਠੂਰ, 29 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਗੁਰ ਨਾਨਕ ਦੇਵ ਆਈ. ਟੀ. ਆਈ. ਮਾਣੂੰਕੇ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਸਟਾਫ਼ ਤੇ ਸਿਖਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਸਥਾ ਮੁਖੀ ਬਲਵੀਰ ਸਿੰਘ ਸੰਧੂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ, ਸੰਘਰਸ਼ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਸੋਚ, ਹਿੰਮਤ ਦੇਸ਼ ਪ੍ਰਤੀ ਸਮਰਪਣ ਨੌਜਵਾਨਾਂ ਨੂੰ ਸਦਾ ਸੰਦੇਸ਼ ਅਤੇ ਪ੍ਰੇਰਨਾ ਦੇਣ ਦਾ ਸਰੋਤ ਹੈ। ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਅਧਿਆਪਕ ਯਾਦਵਿੰਦਰ ਸਿੰਘ ਨੇ ਕਿਹਾ ਨੌਜਵਾਨਾਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਦੇਸ਼ ਅਤੇ ਸਮਾਜ ਦੀ ਤਰੱਕੀ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਸਿੱਖਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਆਤਮਵਿਸ਼ਵਾਸ ਨਾਲ ਆਪਣੇ ਹੁਨਰ ਨੂੰ ਨਿਖਾਰਨ ਲਈ ਵੀ ਪ੍ਰੇਰਿਤ ਕੀਤਾ। ਅਤੇ ਇਸ ਸ਼ੁਭ ਮੌਕੇ ਸਿਖਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਦੇਸ਼ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲਿਆ। ਇਸ ਮੌਕੇ ਪਰਦੀਪ ਸਿੰਘ, ਗੁਰਜੋਤ ਸਿੰਘ, ਮਨਿੰਦਰ ਕੌਰ, ਮਨਵੀਰ ਕੌਰ ਤੇ ਜਸਦੀਪ ਕੌਰ ਆਦਿ ਹਾਜ਼ਰ ਸਨ।