ਹਠੂਰ, 18 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਤਿੰਨ ਪਿੰਡਾਂ ਡੱਲਾ, ਨਵਾਂ ਡੱਲਾ ਅਤੇ ਕਾਉਂਕੇ ਖੋਸਾ ਦੇ ਬਲਾਕ ਸੰਮਤੀ ਜ਼ੋਨ ਡੱਲਾ ਦੇ ਦੇਰ ਰਾਤ ਆਏ ਨਤੀਜੇ ਅਨੁਸਾਰ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ ਡੱਲਾ ਚੋਣ ਜਿੱਤ ਗਏ | ਉਨ੍ਹਾਂ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਨੂੰ 77 ਵੋਟਾਂ ਦੇ ਫਰਕ ਨਾਲ ਹਰਾਇਆ ਹੈ | ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਰਹੇ ਸੁਰਿੰਦਰ ਸਿੰਘ ਸ਼ਿੰਦਾ ਨੂੰ 1105, ਆਮ ਆਦਮੀ ਪਾਰਟੀ ਦੇ ਦਰਸ਼ਨ ਸਿੰਘ ਨੂੰ 1028 ਅਤੇ 209 ਕਾਂਗਰਸੀ ਉਮੀਦਵਾਰ ਉਜਾਗਰ ਸਿੰਘ ਨੂੰ ਵੋਟਾਂ ਮਿਲੀਆਂ ਹਨ | ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਉਕਤ ਚੋਣ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲਈ ਆਪਣੇ ਵਕਾਰ ਵਾਲੀ ਬਣੀ ਹੋਈ ਸੀ, ਕਿਉਂਕਿ ਜਿੱਥੇ ਜੇਤੂ ਸੁਰਿੰਦਰ ਸਿੰਘ ਸ਼ਿੰਦਾ ਦੀ ਚੋਣ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਇਸੇ ਪਿੰਡ ਦੇ ਹੋਣ ਕਰਕੇ ਕਰ ਰਹੇ ਸਨ, ਉੱਥੇ ਆਮ ਆਦਮੀ ਪਾਰਟੀ ਦੇ ਹਲਕਾ ਜਗਰਾਉਂ ਸੰਗਠਨ ਇੰਚਾਰਜ ਅਤੇ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਕੰਮੀ ਤੇ ਪਿੰਡ ਡੱਲਾ ਦੇ ਸਰਪੰਚ ਗੋਪਾਲ ਸਿੰਘ ਗੋਪੀ ਦਾ ਵੀ ਇਹ ਜੱਦੀ ਪਿੰਡ ਹੈ ਅਤੇ ਉਹ ਪਾਰਟੀ ਉਮੀਦਵਾਰ ਦੀ ਜਿੱਤ ਲਈ ਦਿਨ-ਰਾਤ ਇਕ ਕਰ ਰਹੇ ਹਨ | ਜੇਤੂ ਰਹੇ ਸੁਰਿੰਦਰ ਸਿੰਘ ਸ਼ਿੰਦਾ ਨੇ ਆਪਣੇ ਸਮਰਥਕਾਂ ਨਾਲ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸ਼ੁਕਰਾਨਾ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਇਕਾਈ ਪ੍ਰਧਾਨ ਜਗਜੀਤ ਸਿੰਘ ਡੱਲਾ, ਇੰਦਰਜੀਤ ਸਿੰਘ ਬਿੱਟੂ, ਅਮਨ ਸਿੰਘ ਆਦਿ ਵੀ ਹਾਜ਼ਰ ਸਨ |