ਰਾਏਕੋਟ, 18 ਦਸੰਬਰ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਵਿਧਾਨ ਸਭਾ ਹਲਕਾ ਰਾਏਕੋਟ ਅਧੀਨ ਪੈਂਦੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਿੰਜਲ, ਪੱਖੋਵਾਲ ਤੇ ਸੁਧਾਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਵੱਡੀ ਲੀਡ ਨਾਲ ਵੋਟਾਂ ਪ੍ਰਾਪਤ ਕਰਕੇ ਜਿੱਤਾਂ ਦਰਜ ਕੀਤੀਆਂ ਹਨ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ-15 ਬਿੰਜਲ (ਜਨਰਲ ਮਰਦ) ਤੋਂ ਸੁਖਭਿੰਦਰ ਸਿੰਘ ਨਿੱਕਾ ਝੋਰੜਾਂ ਨੇ 7885 ਵੋਟਾਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਜੌਹਲਾਂ ਨੇ 6193 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਨੱਥੋਵਾਲ ਨੇ 4565 ਵੋਟਾਂ ਪ੍ਰਾਪਤ ਕੀਤੀਆਂ | ਇਸ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਸੁਖਭਿੰਦਰ ਸਿੰਘ ਨਿੱਕਾ ਝੋਰੜਾਂ 1692 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ-12 ਪੱਖੋਵਾਲ (ਜਨਰਲ ਔਰਤ) ਤੋਂ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ ਬਰਾੜ ਨੇ 9189 ਵੋਟਾਂ, 'ਆਪ' ਪਾਰਟੀ ਦੀ ਉਮੀਦਵਾਰ ਬਲਵਿੰਦਰ ਕੌਰ ਪੰਧੇਰ ਨੇ 6997 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ ਨੇ 5690 ਵੋਟਾਂ ਪ੍ਰਾਪਤ ਕੀਤੀਆਂ, ਜਦਕਿ ਰਾਜਵਿੰਦਰ ਕੌਰ ਬਰਾੜ 2192 ਵੋਟਾਂ ਦੀ ਲੀਡ ਨਾਲ ਜੇਤੂ ਬਣੀ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ-13 ਸੁਧਾਰ (ਰਿਜ਼ਰਵ) ਤੋਂ ਕਾਂਗਰਸੀ ਉਮੀਦਵਾਰ ਸਤਵੰਤ ਸਿੰਘ ਨੇ 7914 ਵੋਟਾਂ, 'ਆਪ' ਉਮੀਦਵਾਰ ਮਨਜੀਤ ਸਿੰਘ ਨੇ 7567 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਮਦੀਪ ਸਿੰਘ ਅਕਾਲਗੜ੍ਹ ਨੇ 3022 ਵੋਟਾਂ ਹਾਸਲ ਕੀਤੀਆਂ, ਜਿਸ ਵਿਚ ਸਤਵੰਤ ਸਿੰਘ 347 ਵੋਟਾਂ ਦੀ ਲੀਡ ਨਾਲ ਜੇਤੂ ਉਮੀਦਵਾਰ ਬਣਿਆ | ਇੰਨ੍ਹਾਂ 3 ਜ਼ਿਲ੍ਹਾ ਪ੍ਰੀਸ਼ਦਾਂ ਵਿਚ ਕਾਂਗਰਸੀ ਉਮੀਦਵਾਰਾਂ ਦੀ ਹੋਈ ਧਮਾਕੇਦਾਰ ਜਿੱਤਾਂ ਨੇ ਹਲਕਾ ਰਾਏਕੋਟ ਵਿਚ ਕਾਂਗਰਸ ਦੀ ਸਾਖ਼ ਨੂੰ ਹੋਰ ਮਜ਼ਬੂਤ ਕੀਤਾ ਹੈ |