ਰਾਏਕੋਟ, 22 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਡੇਰਾ ਬਾਬਾ ਮਹਾਂ ਸਿੰਘ ਬਾਬਾ ਲਾਭ ਸਿੰਘ ਪਿੰਡ ਬੱਸੀਆਂ ਵਿਖੇ ਬਾਬਾ ਮਹਾਂ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਲਾਭ ਸਿੰਘ ਬੱਸੀਆਂ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਤਰਲੋਚਨ ਸਿੰਘ ਨੇ ਦੱਸਿਆ ਕਿ 14 ਜਨਵਰੀ 2026 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ | ਇਸ ਮੌਕੇ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਵੀ ਲਗਾਇਆ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਣਗੇ ਅਤੇ ਵਿਆਹੁਤਾ ਲੜਕੀਆਂ ਨੂੰ ਦਾਜ-ਦਹੇਜ ਵਜੋਂ ਘਰੇਲੂ ਸਾਮਾਨ ਵੀ ਦਿੱਤਾ ਜਾਵੇਗਾ | ਉਨ੍ਹਾਂ ਲੋੜਵੰਦ ਲੜਕੀਆਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਵਿਆਹਾਂ ਸਬੰਧੀ ਰਾਬਤਾ ਕਰਨ | ਇਸ ਸਮਾਗਮ ਵਿਚ ਨਿਰਮਲੇ ਭੇਖ ਦੇ ਮਹਾਂਪੁਰਖ ਉਚੇਚੇ ਤੌਰ 'ਤੇ ਹਾਜ਼ਰੀਆਂ ਭਰਨਗੇ |