ਮੁੱਲਾਂਪੁਰ-ਦਾਖਾ, 22 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਪਿੰਡ ਬੱਦੋਵਾਲ (ਲੁਧਿ:) ਵਿਖੇ ਉਜਾਗਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਐਡਵੋਕੇਟ ਕੁਲਦੀਪ ਸਿੰਘ ਕਿਲਾ ਰਾਏਪੁਰ, ਮਾਸਟਰ ਜਸਦੇਵ ਸਿੰਘ ਲਲਤੋਂ, ਗੁਰਦੇਵ ਸਿੰਘ ਮੁੱਲਾਂਪੁਰ, ਮਲਕੀਤ ਸਿੰਘ ਬੱਦੋਵਾਲ, ਚਰਨਜੀਤ ਸਿੰਘ ਹਿਮਾਂਯੂਪੁਰਾ, ਸੁਖਦੇਵ ਸਿੰਘ ਕਿਲਾ ਰਾਏਪੁਰ, ਸਿੰਦਰ ਸਿੰਘ ਜਵੱਦੀ, ਅਮਰਜੀਤ ਸਿੰਘ ਹਿਮਾਂਯੂੰਪੁਰਾ, ਹੋਰਨਾਂ ਨੇ ਸ਼ਮੂਲੀਅਤ ਕੀਤੀ | ਕਮੇਟੀ ਦੇ ਕੰਮਾਂ ਨੂੰ ਹੋਰ ਉਸਾਰੂ ਬਣਾਉਣ ਲਈ ਵਿਚਾਰਾਂ ਬਾਅਦ ਫ਼ੈਸਲਾ ਹੋਇਆ ਕਿ ਮਹਾਨ ਗ਼ਦਰੀ ਜਰਨੈਲ ਸ਼ਹੀਦ ਊਧਮ ਸਿੰਘ ਸੁਨਾਮ ਦਾ ਜਨਮ ਦਿਨ ਸਮਾਗਮ 26 ਦਸੰਬਰ ਨੂੰ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ | ਇਹ ਵੀ ਫ਼ੈਸਲਾ ਹੋਇਆ ਕਿ ਇਸ ਵਾਰ ਇਹ ਸਮਾਗਮ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਹੈੱਡ ਕੁਆਟਰ ਦਾਦ (ਲੁਧਿ:) ਵਿਖੇ (ਨੇੜੇ ਭਾਈ ਬਾਲਾ ਗੁਰਦੁਆਰਾ ਸਾਹਿਬ) ਵਿਖੇ ਮਨਾਇਆ ਜਾਵੇਗਾ | ਇਸ ਸਮਾਗਮ ਦੀ ਸਫ਼ਲਤਾ ਲਈ ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਗ਼ਦਰੀ ਬਾਬਾ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਨ ਸਮਾਗਮ ਵਿਚ ਸ਼ਮੂਲੀਅਤ ਕੀਤੀ ਜਾਵੇ | ਕੌਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਵਲੋਂ ਇਹ ਵੀ ਗੱਲ ਵਿਚਾਰੀ ਗਈ ਕਿ ਸਮਾਗਮ ਸਫ਼ਲਤਾ ਲਈ ਜ਼ਿਲ੍ਹੇ ਭਰ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਹਰ ਪਿੰਡ, ਕਸਬੇ ਨਾਲ ਸਬੰਧਿਤ ਲੋਕਾਂ ਨੂੰ ਇਸ ਸਮਾਗਮ ਲਈ ਜਾਗਰੂਕ ਕੀਤਾ ਜਾਵੇ |