ਗੁਰੂਸਰ ਸੁਧਾਰ, 27 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਅਨਾਜ ਮੰਡੀ ਸੁਧਾਰ ਵਿਖੇ ਸਥਿਤ ਡਾ: ਬੀ.ਆਰ.ਅੰਬੇਦਕਰ ਯਾਦਗਾਰੀ ਭਵਨ ਵਿਖੇ ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਘ, ਬਹੁਜਨ ਕੋਆਰਡੀਨੇਸ਼ਨ ਟੀਮ ਅਤੇ ਐੱਸ.ਸੀ., ਬੀ.ਸੀ. ਅਧਿਆਪਕ ਯੂਨੀਅਨ ਲੁਧਿਆਣਾ ਵਲੋਂ ਦਲਿਤ ਸਮਾਜ ਦੀ ਦਸ਼ਾ ਅਤੇ ਦਿਸ਼ਾ ਵਿਸ਼ੇ ਉਪਰ ਸੈਮੀਨਾਰ ਕਰਵਾਇਆ ਗਿਆ | ਇਸ ਦੌਰਾਨ ਨਿਮਨ ਵਰਗਾਂ ਨੂੰ ਮੌਜੂਦਾ ਸਮੇਂ ਦਰਪੇਸ਼ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਸਮੱਸਿਆਵਾਂ ਸਬੰਧੀ ਗੰਭੀਰ ਵਿਚਾਰ-ਵਿਟਾਂਦਰੇ ਕੀਤੇ ਗਏ | ਰਾਸ਼ਟਰੀ ਮੂਲ ਚਿੰਤਨ ਸੰਘ ਦੇ ਪ੍ਰਧਾਨ ਪਿ੍ੰ: ਜੋਗਿੰਦਰ ਸਿੰਘ ਬੱਲਮਗੜ੍ਹ, ਬਹੁਜਨ ਕੋਆਰਡੀਨੇਸ਼ਨ ਮੈਂਬਰ ਗਿਆਨਸ਼ੀਲ, ਲੈਕਚਰਾਰ ਬਲਦੇਵ ਸਿੰਘ ਸੁਧਾਰ, ਐੱਸ.ਸੀ., ਬੀ.ਸੀ. ਅਧਿਆਪਕ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਭੁਪਿੰਦਰ ਸਿੰਘ ਚੰਗਣ ਨੇ ਆਖਿਆ ਕਿ ਮੌਜੂਦਾ ਸਮੇਂ ਭਾਰਤੀ ਲੋਕਤੰਤਰ ਵਿਵਸਥਾ ਵਿਚ ਪਰਿਵਰਤਨ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਬਹੁਜਨ ਸਮਾਜ ਦੇ ਲੋਕਾਂ ਦਾ ਸਭਨਾਂ ਪੱਖਾਂ ਤੋਂ ਉਭਾਰ ਕਰਨ ਲਈ ਜਾਗਰੂਕ ਕਰਨਾ ਵੀ ਸਮੇਂ ਦੀ ਮੁੱਖ ਲੋੜ ਹੈ | ਸੈਮੀਨਾਰ ਦੌਰਾਨ ਹਾਜ਼ਰੀਨਾਂ ਵਲੋਂ ਮਾ: ਹਰਭਿੰਦਰ ਸਿੰਘ ਮੁੱਲਾਂਪੁਰ ਨੂੰ ਬਤੌਰ ਅੰਗਰੇਜ਼ੀ ਲੈਕਚਰਾਰ ਪਦਉੱਨਤ ਹੋਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਹੋਰਨਾਂ ਤੋਂ ਇਲਾਵਾ ਇਸ ਸਮੇਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਬਲਵਿੰਦਰ ਸਿੰਘ ਲਤਾਲਾ, ਮਾ: ਪਰਮਜੀਤ ਸਿੰਘ ਬੁਰਜ ਲਿੱਟਾਂ, ਸਾਬਕਾ ਬੀ.ਪੀ.ਈ.ਓ. ਜਗਮੇਲ ਸਿੰਘ, ਸਾਬਕਾ ਹੈੱਡ ਮਾ: ਕਰਮਜੀਤ ਸਿੰਘ, ਲੈਕਰਚਾਰ ਗੁਰਪ੍ਰੀਤ ਸਿੰਘ, ਮਾ: ਯਾਦਵਿੰਦਰ ਸਿੰਘ, ਮਾ: ਪਿ੍ਤਪਾਲ ਸਿੰਘ ਸੁਧਾਰ, ਲੈਕਚਰਾਰ ਮਨੋਹਰ ਸਿੰਘ ਸਮੇਤ ਹੋਰ ਅਧਿਆਪਕ ਤੇ ਜਥੇਬੰਦੀ ਦੇ ਆਗੂ ਹਾਜ਼ਰ ਸਨ |