ਜਗਰਾਉਂ, 28 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਦੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਤੋਂ ਸੰਤਾਂ ਅਤੇ ਸੇਵਾਦਾਰਾਂ ਦੇ ਜੱਥੇ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਪੁੱਜੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੂੰ ਧਾਰਮਿਕ ਸੇਵਾਵਾਂ ਸਦਕਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪ੍ਰਕਾਸ਼ ਪੁਰਬ ਸਮਾਗਮਾਂ 'ਚ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਨਤਮਸਤਕ ਹੁੰਦਿਆਂ ਸ੍ਰੀ ਪਟਨਾ ਸਾਹਿਬ ਵਿਖੇ ਬਣੇ ਹਵਾਈ ਅੱਡੇ 'ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਅਤੇ ਲਾਸਾਨੀ ਕੁਰਬਾਨੀ ਨੂੰ ਦਰਸਾਉਂਦੇ ਇਤਿਹਾਸ ਦੀਆਂ ਯਾਦਗਾਰਾਂ ਨਾਲ ਸਜਾਉਣ ਦੀ ਅਪੀਲ ਕੀਤੀ | ਦਿਨ ਐਤਵਾਰ ਨੂੰ ਸੰਤਾਂ ਅਤੇ ਸੇਵਾਦਾਰਾਂ ਦੇ ਜੱਥੇ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਮੱਥਾ ਟੇਕਿਆ | ਇਸ ਮੌਕੇ ਉਨ੍ਹਾਂ ਨੂੰ ਧਰਮ ਪ੍ਰਚਾਰ ਅਤੇ ਸਿੱਖੀ ਦੇ ਪ੍ਰਸਾਰ 'ਚ ਨਿਭਾਈਆਂ ਸੇਵਾਵਾਂ ਸਦਕਾ ਸ੍ਰੀ ਸੱਚਖੰਡ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਲਾਨਾ ਸਮਾਗਮਾਂ 'ਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਬਿਹਾਰ ਦੀ ਸਰਕਾਰ ਤੋਂ ਮੰਗ ਕੀਤੀ ਕਿ ਪਟਨਾ ਹਵਾਈ ਅੱਡੇ 'ਤੇ ਦਸ਼ਮ ਪਿਤਾ ਦੀਆਂ ਤਸਵੀਰਾਂ ਲਗਾਈਆਂ ਜਾਣ | ਉਨ੍ਹਾਂ ਧਾਰਮਿਕ ਸਮਾਗਮਾਂ 'ਚ ਪੁੱਜੀਆਂ ਸੰਗਤਾਂ ਨੂੰ ਭਾਗਾਂ ਵਾਲੇ ਦੱਸਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਕਿ੍ਪਾ ਸਦਕਾ ਉਨ੍ਹਾਂ ਨੂੰ ਉਨ੍ਹਾਂ ਦੇ ਇਸ ਮਹਾਨ ਅਤੇ ਪਵਿੱਤਰ ਦਰ 'ਤੇ ਦਰਸ਼ਨੇ ਦੀਦਾਰ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਬਲਦੇਵ ਸਿੰਘ ਸਮੇਤ ਸੰਤਾਂ ਮਹਾਪੁਰਸ਼ਾਂ ਨੂੰ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕਸਰ ਝੋਰੜਾਂ ਠਾਠ ਤੇਰਾਂ ਮੰਜ਼ਿਲਾਂ ਤੋਂ ਗੁਰਦੁਆਰਾ ਨਾਨਕਸਰ ਕਲੇਰਾਂ ਤੱਕ ਹਰ ਸਾਲ ਦੀ ਤਰ੍ਹਾਂ 8 ਫਰਵਰੀ 2026 ਨੂੰ ਸਜਾਏ ਜਾ ਰਹੇ ਨਗਰ ਕੀਰਤਨ ਵਿਚ ਪਹੁੰਚਣ ਦਾ ਸੱਦਾ ਦਿੱਤਾ | ਇਸ ਮੌਕੇ ਸੰਤ ਬਾਬਾ ਜੋਗਾ ਸਿੰਘ ਕਰਨਾਲ, ਮਹੰਤ ਕਰਮਜੀਤ ਸਿੰਘ ਯੁਮਨਾਨਗਰ, ਸੰਤ ਬਾਬਾ ਜਗਜੀਤ ਸਿੰਘ ਅਕਾਲ ਅਕੈਡਮੀ ਬੜੂ ਸਾਹਿਬ, ਬਾਬਾ ਕੁਲਦੀਪ ਸਿੰਘ ਪਟਨਾ ਸਾਹਿਬ, ਪ੍ਰਧਾਨ ਜਗਜੋਤ ਸਿੰਘ ਸੋਹੀ, ਭਾਈ ਸਤਨਾਮ ਸਿੰਘ ਭਦੌੜ, ਭਾਈ ਗਗਨ ਸਿੰਘ ਨੋਇਡਾ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ, ਭਾਈ ਜੱਸਾ ਸਿੰਘ, ਭਾਈ ਬਿੰਦਰ ਸਿੰਘ ਅਤੇ ਭਾਈ ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ |