ਰਾਏਕੋਟ, 29 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਖਸ਼ਿਸ਼ 'ਗੰਗਾ ਸਾਗਰ' ਦੀ ਸੇਵਾ-ਸੰਭਾਲ ਕਰਨ ਵਾਲੇ ਨਵਾਬ ਰਾਏ ਕੱਲ੍ਹਾ ਦੇ ਵਾਰਿਸ ਅਤੇ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ-ਅਜ਼ੀਜ਼-ਉੱਲ੍ਹਾ-ਖਾਂ ਦੀ ਪੁਤਸਕ 'ਦਸ਼ਮੇਸ਼ ਪਿਤਾ ਬਖਸ਼ਿਸ਼ ਪਵਿੱਤਰ ਗੰਗਾ-ਸਾਗਰ ਸੁੱਚੀ ਸੇਵਾ-ਸੰਭਾਲ' ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਦੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ 2 ਜਨਵਰੀ 2026 ਨੂੰ ਸਵੇਰੇ 8:30 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਰਿਲੀਜ਼ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਪੁਸਤਕ ਨੂੰ ਜਨਤਕ ਕਰਨ ਸਮੇਂ ਵੱਖ-ਵੱਖ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਰਾਏ-ਅਜ਼ੀਜ਼-ਉੱਲ੍ਹਾ-ਖਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੰਗਾ-ਸਾਗਰ ਦੀ ਪਵਿੱਤਰ ਸੇਵਾ-ਸੰਭਾਲ ਲਈ ਮੇਰਾ ਫ਼ਰਜ਼ੰਦ ਰਾਏ-ਮੁਹੰਮਦ-ਅਲੀ-ਖਾਂ ਪੂਰਨ ਤੌਰ 'ਤੇ ਮੇਰਾ ਸਾਥ ਨਿਭਾਅ ਰਹੇ ਹਨ |