ਰਾਏਕੋਟ, 29 ਦਸੰਬਰ (ਸੁਸ਼ੀਲ)-ਅਗਲੇ ਸਾਲ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਨੂੰ ਵਿਰੋਧੀ ਪਾਰਟੀਆਂ ਨੇ ਮੁੱਢੋਂ ਰੱਦ ਕਰ ਦਿੱਤਾ ਹੈ | ਇਸ ਸਬੰਧ ਵਿਚ ਨਗਰ ਕੌਂਸਲ ਦਫ਼ਤਰ ਵਿਖੇ ਵਾਰਡਬੰਦੀ ਸਬੰਧੀ ਆਪਣੇ ਇਤਰਾਜ ਦਰਜ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਨਦੀਪ ਸਿੰਘ ਗਿੱਲ ਅਤੇ ਸਾਬਕਾ ਪ੍ਰਧਾਨ ਸਲਿਲ ਜੈਨ ਨੇ ਕਿਹਾ ਕਿ ਵਾਰਡਬੰਦੀ ਨੂੰ ਲੋਕਤੰਤਰੀ ਢੰਗ ਨਾਲ ਨਹੀਂ ਕੀਤਾ ਗਿਆ ਹੈ | ਜਿਸ ਕਰਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਇਤਰਾਜ ਦਰਜ ਕਰਵਾਏ ਹਨ | ਜਿਨ੍ਹਾਂ ਵਿਚ ਸਾਬਕਾ ਨਗਰ ਕੌਂਸਲ ਪ੍ਰਧਾਨ ਸਲਿਲ ਜੈਨ, ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਕੌਸਲਰ ਕਮਲਜੀਤ ਵਰਮਾਂ, ਕੌਂਸਲਰ ਰਾਜਿੰਦਰ ਸਿੰਘ ਰਾਜੂ, ਕੌਂਸਲਰ ਜਸਵੀਰ ਕੌਰ, ਸਾਬਕਾ ਕੌਂਸਲਰ ਰਾਜ ਕੁਮਾਰ, ਸਾਬਕਾ ਕੌਂਸਲਰ ਬੂਟਾ ਛਾਪਾ, ਸੱਤਪਾਲ ਸਿੰਘ ਸ਼ਾਮਿਲ ਹਨ | ਪ੍ਰਧਾਨ ਅਮਨਦੀਪ ਸਿੰਘ ਤੇ ਪ੍ਰਧਾਨ ਸਲਿਲ ਜੈਨ ਨੇ ਕਿਹਾ ਕਿ ਨਵੀਂ ਵਾਰਡਬੰਦੀ ਵਿਚ ਇਕਸਾਰਤਾ ਨਹੀਂ ਹੈ | ਕਈ ਵਾਰਡਾਂ ਵਿਚ ਵਸੋਂ ਘੱਟ ਵੱਧ ਦਰਜ ਕੀਤੀ ਗਈ ਹੈ | ਜਦੋਂ ਕਿ ਬਹੁਤੇ ਥਾਵਾਂ 'ਤੇ ਰਾਖਵਾਂਕਰਨ ਠੀਕ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਸ਼ਹਿਰ ਅੰਦਰ ਐੱਸ.ਸੀ. ਵਰਗ ਦੀ ਗਿਣਤੀ ਜਿਆਦਾ ਹੈ, ਪਰ ਉਨ੍ਹਾਂ ਵਾਰਡਾਂ ਨੂੰ ਜਨਰਲ ਕਰ ਦਿੱਤਾ ਗਿਆ ਹੈ | ਜਦੋਂ ਕਿ ਜਿਹੜੇ ਵਾਰਡਾਂ ਵਿਚ ਜਨਰਲ ਵਰਗ ਦੀ ਵੋਟ ਵੱਧ ਹੈ ਉਨ੍ਹਾਂ ਨੂੰ ਰਾਖਵਾਂ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਵਾਰਡਬੰਦੀ ਭਗੋਲਿਕ ਤੌਰ 'ਤੇ ਵੀ ਸਹੀ ਨਹੀਂ ਹੈ ਤੇ ਵਾਰਡਾਂ ਦਾ ਮੂਲ ਰੂਪ ਹੀ ਬਦਲ ਦਿੱਤਾ ਗਿਆ ਹੈ | ਜਿਸ ਕਾਰਨ ਸ਼ਹਿਰ ਵਾਸੀਆਂ ਦੇ ਸਿਰਨਾਵੇਂ ਬਦਲ ਜਾਣ ਕਾਰਨ ਉਨ੍ਹਾਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ | ਕਿਉਂਕਿ ਉਨ੍ਹਾਂ ਨੂੰ ਅਧਾਰ ਕਾਰਡ 'ਤੇ ਹੋਰ ਦਸਤਾਵੇਜ਼ਾਂ ਵਿਚ ਪਤਾ ਤਬਦੀਲ ਕਰਵਾਉੰਣਾ ਪਵੇਗਾ | ਇਤਰਾਜ ਦਰਜ ਕਰਾਉਣ ਵਾਲੇ ਆਗੂਆਂ ਨੇ ਕਿਹਾ ਕਿ ਨਵੀਂ ਵਾਰਡਬੰਦੀ ਵਿਚ ਸਪੱਸ਼ਟ ਤੌਰ 'ਤੇ ਪੱਖਪਾਤ ਕੀਤਾ ਗਿਆ ਹੈ | ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਵਾਰਡਬੰਦੀ ਕਮੇਟੀ ਵਿੱਚ ਵਿਰੋਧੀ ਪਾਰਟੀਆਂ ਦਾ ਕੋਈ ਨੁਮਾਇੰਦਾ ਨਹੀਂ ਲਿਆ ਗਿਆ ਜਿਸ ਕਾਰਨ ਸੱਤ੍ਹਾਧਾਰੀ ਧਿਰ ਨੇ ਆਪਣੀ ਸਹੂਲਤ ਅਨੁਸਾਰ ਵਾਰਡਬੰਦੀ ਕੀਤੀ ਹੈ |