ਨਵਾਂਸ਼ਹਿਰ, 31 ਮਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਇਲਾਕੇ 'ਚ ਸ਼ਾਮ ਨੂੰ ਆਏ ਭਾਰੀ ਤੂਫ਼ਾਨ ਹਨੇਰੀ ਕਾਰਨ ਮੁੱਖ ਮਾਰਗ 'ਤੇ ਕਾਫ਼ੀ ਦਰਖ਼ਤ ਟੁੱਟੇ, ਜਿਸ ਕਾਰਨ ਆਵਾਜਾਈ 'ਚ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਆਈ | ਲੋਕਾਂ ਨੂੰ ਆਪਣੇ ਵਾਹਨ ਪਿੰਡਾਂ 'ਚ ਘੁੰਮ ਕੇ ਲਿਜਾਣੇ ਪਏ | ਵੱਡੇ ਦਰਖ਼ਤ ਟੁੱਟਣ ਕਾਰਨ ਕਾਫ਼ੀ ਸਮਾਂ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਅਤੇ ਸੜਕਾਂ 'ਤੇ ਜਾਮ ਲੱਗੇ ਰਹੇ | ਪਿੰਡ ਦੀਆਂ ਪੰਚਾਇਤਾਂ ਵਲੋਂ ਦਰਖਤਾਂ ਨੂੰ ਪਾਸੇ ਕਰਾਉਣ 'ਚ ਕਾਫ਼ੀ ਸਹਿਯੋਗ ਦਿੱਤਾ ਗਿਆ ਅਤੇ ਲੋਕਾਂ ਨੇ ਦਰਖ਼ਤ ਵੱਢ ਕੇ ਆਵਾਜਾਈ ਨੂੰ ਚਾਲੂ ਕਰਾਉਣ ਦੀ ਕੋਸ਼ਿਸ਼ ਕੀਤੀ | ਨਵਾਂਸ਼ਹਿਰ, ਬੰਗਾ ਮਾਰਗ 'ਤੇ ਕਾਫ਼ੀ ਦਰਖ਼ਤ ਡਿੱਗੇ ਦਿਖਾਈ ਦਿੱਤੇ | ਇਸ ਤੋ ਇਲਾਵਾ ਵੱਖ-ਵੱਖ ਪਿੰਡਾਂ ਨੂੰ ਜਾਂਦੇ ਰਸਤੇ ਨਵਾਂਸ਼ਹਿਰ ਤੋਂ ਔੜ-ਕਰਿਆਮ ਰਸਤਾ ਕਾਫ਼ੀ ਸਮਾਂ ਬੰਦ ਰਿਹਾ | ਬਹਿਰਾਮ ਤੋਂ ਮੁਕੰਦਪੁਰ ਮਾਰਗ 'ਤੇ ਕਾਫ਼ੀ ਦਰਖ਼ਤ ਡਿੱਗਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਬੰਗਾ ਤੋਂ ਮੁਕੰਦਪੁਰ ਮਾਰਗ 'ਤੇ ਵੀ ਕਾਫ਼ੀ ਦਰਖ਼ਤ ਡਿੱਗੇ, ਰਸਤਾ ਸਾਫ਼ ਕਰਵਾਉਣ ਲਈ ਕਾਫ਼ੀ ਸਮਾਂ ਲੱਗਾ | ਜਿੱਥੇ ਇੱਕ ਘੰਟਾ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋਇਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਕਾਫ਼ੀ ਦਰੱਖ਼ਤ ਡਿੱਗਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ |