ਬੰਗਾ, 29 ਅਗਸਤ (ਕੁਲਦੀਪ ਸਿੰਘ ਪਾਬਲਾ)-ਦਿਨੋ ਦਿਨ ਦਰੱਖਤਾਂ ਦੀ ਹੋ ਰਹੀ ਕਟਾਈ ਕਾਰਨ ਵਾਤਾਵਰਨ 'ਚ ਪੈ ਰਹੀਆਂ ਗੁੰਜਲਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਡਾ. ਉਂਕਾਰ ਸਿੰਘ ਮੁਕੰਦਪੁਰ ਰੋਡ ਬੰਗਾ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੁੱਖਾਂ ਦਾ ਹੋ ਰਿਹਾ ਉਜਾੜਾ ਦਿਨੋ ਦਿਨੀ ਘਾਤਕ ਹੋ ਰਿਹਾ ਹੈ | ਡਾ. ਉਂਕਾਰ ਸਿੰਘ ਨੇ ਕਿਹਾ ਕਿ ਕਿਸੇ ਵੇਲੇ ਪੰਜਾਬ ਦੀ ਧਰਤੀ 'ਤੇ ਰੁੱਖਾਂ ਦਾ ਪਹਿਰਾ ਹੁੰਦਾ ਸੀ ਤੇ ਭਿਆਨਕ ਬਿਮਾਰੀਆਂ ਦਾ ਡਰ ਵੀ ਨਹੀਂ ਰਹਿੰਦਾ ਸੀ | ਹੁਣ ਜਿਵੇਂ ਜਿਵੇਂ ਰੁੱਖਾਂ ਦੀ ਕਟਾਈ ਵਧ ਰਹੀ ਹੈ ਉਵੇਂ ਹੀ ਸਾਨੂੰ ਕਈ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਪਰ ਮਨੁੱਖ ਆਪਣੀਆਂ ਨਿੱਜੀ ਲੋੜਾਂ ਦੀ ਖਾਤਰ ਰੁੱਖਾਂ ਨੂੰ ਉਜਾੜਨ ਲਈ ਕੋਈ ਕਸਰ ਨਹੀਂ ਛੱਡਦਾ ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਡਾ. ਉਂਕਾਰ ਸਿੰਘ ਨੇ ਕਿਹਾ ਜੇਕਰ ਅਸੀਂ ਬੂਟੇ ਲਾ ਕੇ ਉਸ ਦੀ ਸਾਂਭ ਸੰਭਾਲ ਕਰਾਂਗੇ ਤਾਂ ਉਹ ਸਾਡੇ ਤੇ ਸਾਡੇ ਬੱਚਿਆਂ ਲਈ ਲਾਭਦਾਇਕ ਹੋਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿਚ ਹਰ ਇਨਸਾਨ ਨੂੰ ਘੱਟੋ ਘੱਟ ਇੱਕ ਜਾਂ ਦੋ ਬੂਟੇ ਲਗਾ ਕੇ ਉਨ੍ਹਾਂ ਦੇ ਰੁੱਖ ਬਣਨ ਤੱਕ ਪੂਰੀ ਤਰ੍ਹਾਂ ਸਾਂਭ ਸੰਭਾਲ ਕਰਨ | ਡਾ. ਉਂਕਾਰ ਸਿੰਘ ਨੇ ਕਿਹਾ ਕਿ ਬਰਸਾਤਾਂ ਵਿਚ ਵੱਧ ਤੋਂ ਵੱਧ ਬੂਟੇ ਲਾ ਕੇ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ |