ਬੰਗਾ, 3 ਸਤੰਬਰ (ਕੁਲਦੀਪ ਸਿੰਘ ਪਾਬਲਾ, ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਲੈਪਰੋਸਕੋਪਿਕ ਅਤੇ ਜਰਨਲ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਨੇ 116 ਕਿਲੋਗ੍ਰਾਮ ਭਾਰ ਵਾਲੇ ਮੋਟਾਪੇ ਕਾਰਨ ਦਿਲ ਦੇ ਰੋਗੀ ਮਰੀਜ਼ ਦੇ ਖਰਾਬ ਪਿੱਤੇ ਦਾ ਸਫਲ ਅਪਰੇਸ਼ਨ ਕਰਕੇ ਭਰਪੂਰ ਸ਼ਲਾਘਾ ਖੱਟੀ ਹੈ | ਡਾ. ਬੈਂਸ ਨੇ ਦੱਸਿਆ ਕਿ ਸਰਜਰੀ ਵਿਭਾਗ ਦੀ ਓ.ਪੀ.ਡੀ ਵਿਚ 56 ਸਾਲ ਦੀ ਮਰੀਜ਼ ਬੀਬੀ ਸਵਿਤਾ ਰਾਣੀ ਆਏ | ਉਹਨਾਂ ਦੀ ਜਾਂਚ ਕਰਨ ਉਪਰੰਤ ਪਤਾ ਲੱਗਾ ਕਿ ਉਹਨਾਂ ਦਾ ਪਿੱਤਾ, ਪੱਥਰੀਆਂ ਕਰਕੇ ਖਰਾਬ ਹੋ ਰਿਹਾ ਹੈ, ਸੋਜਿਜ਼ ਵੀ ਵੱਧ ਰਹੀ ਹੈ | ਉਹਨਾਂ ਦਾ ਭਾਰ ਜ਼ਿਆਦਾ ਹੋਣ ਕਰਕੇ ਪੈਦਾ ਹੋਈਆਂ ਕੁਝ ਅਲਾਮਤਾਂ ਕਰਕੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵੱਲੋਂ ਜਵਾਬ ਮਿਲ ਚੁੱਕਾ ਸੀ | ਉਹਨਾਂ ਦੇ ਪਰਿਵਾਰ ਵੱਲੋਂ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਡਾ. ਮਾਨਵਦੀਪ ਸਿੰਘ ਬੈਂਸ ਕੋਲ ਲਿਆਂਦਾ ਗਿਆ ਸੀ | ਪਰਿਵਾਰ ਨਾਲ ਮਸ਼ਵਰੇ ਉਪਰੰਤ ਮਰੀਜ਼ ਬੀਬੀ ਸਵਿਤਾ ਰਾਣੀ ਦਾ ਲੈਪਰੋਸਕੋਪਿਕ ਸਰਜਰੀ ਨਾਲ ਅਪਰੇਸ਼ਨ ਕਰਕੇ ਖਰਾਬ ਪਿੱਤਾ ਬਾਹਰ ਕੱਢਿਆ ਗਿਆ | ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮੈਡੀਕਲ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਵੇਕ ਗੁੰਬਰ ਅਤੇ ਐਨਸਥੀਸੀਆ ਮਾਹਿਰ ਡਾ. ਦੀਪਕ ਦੁੱਗਲ ਐਮ.ਡੀ ਵੱਲੋਂ ਹਾਈਰਿਸਕ ਮਰੀਜ਼ ਦੀ ਦਿਲ ਦੀ ਬਿਮਾਰੀ ਦਾ ਧਿਆਨ ਰੱਖਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ | ਹੁਣ ਅਪਰੇਸ਼ਨ ਉਪਰੰਤ ਮਰੀਜ਼ ਬੀਬੀ ਸਵਿਤਾ ਰਾਣੀ ਤੰਦਰੁਸਤ ਹੈ | ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸਵਿਤਾ ਰਾਣੀ ਦੇ ਅਪਰੇਸ਼ਨ ਤੰਦਰੁਸਤ ਹੋਣ 'ਤੇ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਸਮੂਹ ਹਸਪਤਾਲ ਸਟਾਫ ਅਤੇ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ | ਹਸਪਤਾਲ ਪ੍ਰਬੰਧਕੀ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਮਰੀਜ਼ ਦੇ ਸਫਲ ਅਪਰੇਸ਼ਨ ਲਈ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਟੀਮ ਨੂੰ ਵਧਾਈ ਦਿੱਤੀ |