ਪੋਜੇਵਾਲ ਸਰਾਂ, 5 ਸਤੰਬਰ (ਨਵਾਂਗਰਾਈਾ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਦੇ ਟੋਟੇ ਸਿੰਘਪੁਰ-ਕਾਹਨਪੁਰ ਖੂਹੀ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਜੀ ਦੀ ਅਗਵਾਈ ਵਿਚ ਪਿਛਲੇ ਡੇਢ ਸਾਲ ਤੋਂ ਲਗਾਤਾਰ ਚੱਲ ਰਹੀ ਹੈ ਅੱਜ ਕੱਲ੍ਹ ਇਨ੍ਹਾਂ ਮਹਾਂਪੁਰਸ਼ਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਹੜ੍ਹ ਪੀੜਤਾਂ ਲਈ ਵੱਖ-ਵੱਖ ਥਾਵਾਂ 'ਤੇ ਸੇਵਾ ਨਿਭਾਈ ਜਾ ਰਹੀ ਹੈ | ਇਨ੍ਹਾਂ ਸੇਵਾਵਾਂ ਲਈ ਪ੍ਰਵਾਸੀ ਭਾਰਤੀ ਅਮਰ ਭਾਟੀਆ ਜਰਮਨੀ ਸਪੁੱਤਰ ਮਾਸਟਰ ਸਰਵਣ ਰਾਮ ਭਾਟੀਆ ਜਰਮਨੀ ਵਲੋਂ 21 ਹਜ਼ਾਰ ਤੇ ਭੂਸ਼ਣ ਕੁਮਾਰ ਭਾਟੀਆ ਲਾਲੀ ਜਰਮਨੀ ਵਲੋਂ 11 ਹਜ਼ਾਰ ਰੁਪਏ ਦੀ ਸੇਵਾ ਬਾਬਾ ਸਤਨਾਮ ਸਿੰਘ ਨੂੰ ਦਿੱਤੀ ਅਤੇ ਵਾਅਦਾ ਕੀਤਾ ਕਿ ਉਹ ਅੱਗੇ ਵੀ ਸੇਵਾ ਕਰਨਗੇ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਸੰਗਤਾਂ ਦੇ ਸਹਿਯੋਗ ਨਾਲ ਉਹ ਇਹ ਮਾਰਗ ਚਾਰ ਮਾਰਗੀ ਬਣਾਉਣ ਦੀ ਸੇਵਾ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਮਾਸਟਰ ਸਰਵਣ ਰਾਮ ਭਾਟੀਆ ਜਰਮਨੀ ਤੇ ਭੂਸ਼ਣ ਕੁਮਾਰ ਲਾਲੀ ਜਰਮਨੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਭੂਸ਼ਣ ਕੁਮਾਰ ਲਾਲੀ ਜਰਮਨੀ ਤੇ ਮਾਸਟਰ ਮੇਹਰ ਚੰਦ ਹੱਕਲਾ ਸਾਬਕਾ ਸਰਪੰਚ ਨਵਾਂਗਰਾਂ ਵਲੋਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਸੰਤਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਣ | ਇਸ ਮੌਕੇ ਸਤਨਾਮ ਸਿੰਘ ਮੁਣਸ਼ੀ, ਸਾਹਿਬ ਸਿੰਘ, ਸਿਮਰਨ ਸਿੰਘ, ਹਰਜਾਪ ਸਿੰਘ ਜਾਪ੍ਹਾ ਆਦਿ ਸਮੇਤ ਸਮੂਹ ਸੇਵਾਦਾਰ ਹਾਜ਼ਰ ਸਨ |