ਬੰਗਾ, 6 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੋਸ਼ਲ ਮੀਡਿਆ 'ਤੇ ਵਾਇਰਲ ਹੋਈ ਇਕ ਵੀਡੀਓ ਨੇ ਦੇਸ਼ ਵਿਦੇਸ਼ 'ਚ ਵਸਦੇ ਪੰਜਾਬੀ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ | ਇਸ ਵਿਚ ਦੇਖਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਇਕ ਵਿਧਾਇਕਾ ਵਲੋਂ ਕਿਸਾਨ ਯੂਨੀਅਨ ਕਾਦੀਆਂ ਦੇ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘ ਪੁਰ ਨਾਲ ਮਹਿਜ ਇਹ ਸਲਾਹ ਦੇਣ 'ਤੇ ਕਿ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਸਰਕਾਰ ਨੂੰ ਪਾਣੀ ਦੀ ਮਾਰ ਵੱਜਣ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਤੇ ਵਿਧਾਇਕਾ ਨੇ ਕਿਸਾਨ ਆਗੂ ਨੂੰ ਅਪਸ਼ਬਦ ਬੋਲੇ | ਵਿਧਾਇਕਾ ਬੀਬੀ ਦੇ ਸਿਰ ਸਰਕਾਰੀ ਪਾਵਰ ਦਾ ਹੰਕਾਰ ਇੰਨਾ ਸਿਰ ਚੜ੍ਹ ਬੋਲਣ ਲੱਗਾ ਕਿ ਉਸ ਨੇ ਆਪਣੇ ਹੰਕਾਰ ਵਿਚ ਨਾ ਸਿਰਫ ਕਿਸਾਨ ਆਗੂ 'ਤੇ ਸਗੋਂ ਉਨ੍ਹਾਂ ਦੀ ਦਸਤਾਰ 'ਤੇ ਵੀ ਗਲਤ ਇਤਰਾਜਯੋਗ ਟਿੱਪਣੀਆਂ ਕਰ ਦਿੱਤੀਆਂ | ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਕਿਸਾਨ ਯੂਨੀਅਨ ਕਾਦੀਆਂ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਲੋਵਾਲ ਨੇ ਕਿਹਾ ਕਿ ਕਿਸਾਨ ਆਗੂ ਨਾਲ ਬਦਤਮੀਜ਼ੀ ਅਸਹਿ ਹੈ | ਉਨ੍ਹਾਂ ਕਿਹਾ ਜੇਕਰ ਬੀਬੀ ਆਪਣੀਆਂ ਕੀਤੀਆਂ ਟਿੱਪਣੀਆਂ 'ਤੇ ਮੁਆਫੀ ਨਹੀਂ ਮੰਗਦੀ ਤਾਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਜਨਤਕ ਵਿਰੋਧ ਲਈ ਤਿਆਰ ਬਰ ਤਿਆਰ ਰਹਿਣ |