ਬਲਾਚੌਰ, 23 ਨਵੰਬਰ (ਨਰੇਸ਼ ਧੌਲ) - ਬਲਾਚੌਰ ਦੇ ਬੇਟ ਖੇਤਰ ਨੂੰ ਬਲਾਚੌਰ ਸ਼ਹਿਰ ਅਤੇ ਹਾਈਵੇ ਨਾਲ ਜੋੜਨ ਵਾਲੀ 18 ਫੁੱਟੀ ਸੜਕ ਦੇ ਹਲਾਤ ਬਹੁਤ ਹੀ ਤਰਸਯੋਗ ਹੋਏ ਪਏ ਹਨ | ਜਿਸ ਕਾਰਨ ਰਾਹਗੀਰ ਅਤੇ ਵਾਹਨ ਚਾਲਕ ਰੋਜ਼ਾਨਾ ਹੀ ਖੱਜਲ ਖੁਆਰ ਹੋਣ ਲਈ ਮਜਬੂਰ ਹਨ | ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਕਾਂਗਰਸ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਬਲਾਚੌਰ ਨੂੰ ਬੇਟ ਇਲਾਕੇ ਨਾਲ ਜੋੜਨ ਵਾਲੀ ਸੜਕ ਨੂੰ 18 ਫੁੱਟ ਚੌੜੀ ਕਰ ਕੇ ਇਸ ਦਾ ਨਵੀਨੀਕਰਨ ਕਰਵਾਇਆ ਗਿਆ ਸੀ | ਇਸ ਸੜਕ ਨੂੰ ਬਣਿਆਂ ਲਗਪਗ ਪੰਜ ਸਾਲ ਹੋਣ ਵਾਲੇ ਹਨ | ਸਮਾਂ ਪੂਰਾ ਹੋਣ ਦੇ ਕਾਰਨ ਇਸ ਸੜਕ ਦੇ ਹਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਥਾਂ-ਥਾਂ 'ਤੇ ਡੂੰਘੇ ਖੱਡੇ ਪਏ ਹੋਏ ਹਨ ਜੋ ਹਰ ਵੇਲੇ ਹਾਦਸਿਆਂ ਨੂੰ ਸੱਦਾ ਦਿੰਦੇ ਜਾਪ ਰਹੇ ਹਨ | ਇਸ ਸੜਕ 'ਤੇ ਰੋਜ਼ਾਨਾ ਸਵੇਰ ਤੋਂ ਲੈ ਕੇ ਰਾਤ ਸਮੇਂ ਤੱਕ ਬੇਟ ਇਲਾਕੇ ਦੇ ਲੋਕ ਆਪਣੇ ਕੰਮਾਂ ਕਾਰਜਾਂ ਲਈ ਰੋਜ਼ਾਨਾ ਬਲਾਚੌਰ ਸ਼ਹਿਰ ਨੂੰ ਆਉਂਦੇ ਹਨ ਪ੍ਰੰਤੂ ਸੜਕ 'ਤੇ ਵੱਡੇ ਖੱਡੇ ਪੈਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਖੱਡੇ ਦਿਨੋਂ ਦਿਨ ਡੂੰਘੇ ਹੁੰਦੇ ਜਾ ਰਹੇ ਹਨ ਜਿਸ ਦੇ ਚੱਲਦਿਆਂ ਰਾਤ ਦੇ ਸਮੇਂ ਹਨੇਰੇ ਦੌਰਾਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ | ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪੁਰ ਜ਼ੋਰ ਮੰਗ ਕੀਤੀ ਹੈ ਕਿ ਇਸ ਮੁੱਖ ਸੜਕ ਦਾ ਨਵੀਨੀਕਰਨ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇ ਤਾਂ ਜੋ ਆਵਾਜਾਈ ਨੂੰ ਨਿਰਵਿਘਨ ਅਤੇ ਸੁਰੱਖਿਅਤ ਬਣਾਇਆ ਜਾ ਸਕੇ |