ਕਾਠਗੜ੍ਹ, 19 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਿ੍ਸਮਿਸ ਦੇ ਪਵਿੱਤਰ ਦਿਹਾੜੇ ਦੇ ਸਬੰਧ 'ਚ ਕਿ੍ਰਸਿਚਨ ਭਾਈਚਾਰੇ ਵਲੋਂ ਪਿੰਡ ਚਾਹਲ ਦੀ ਚਰਚ ਦੇ ਮੁੱਖ ਪਾਸਟਰ ਸੁੱਖਵਿੰਦਰ ਦੀ ਦੇਖ-ਰੇਖ ਹੇਠ ਇਕ ਵਿਸ਼ਾਲ ਸ਼ੋਭਾ ਕੱਢੀ ਗਈ | ਪਿੰਡ ਚਾਹਲਾਂ ਵਿਖੇ ਸਥਿਤ ਚਰਚ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਜਦੋਂ ਕਾਠਗੜ੍ਹ ਦੀ ਮੇਨ ਮਾਰਕੀਟ ਪਹੁੰਚੀ ਤਾਂ ਸਾਂਈ ਕਾਲੇ ਸ਼ਾਹ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ ਅਤੇ ਸਮੂਹ ਦੁਕਾਨਦਾਰਾਂ ਵਲੋਂ ਸ਼ੋਭਾ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਸਾਂਈ ਕਾਲੇਸ਼ਾਹ ਅਤੇ ਕਾਠਗੜ੍ਹ ਦੇ ਮੋਹਤਬਰਾਂ, ਦੁਕਾਨਦਾਰਾਂ ਨੇ ਪਾਸਟਰ ਸੁੱਖਵਿੰਦਰ ਅਤੇ ਹੋਰ ਲੋਕਾਂ ਨੂੰ ਸਰੋਪੇ ਭੇਂਟ ਕੀਤੇ ਗਏ | ਪਾਸਟਰ ਸੁੱਖਵਿੰਦਰ ਨੇ ਕਿਹਾ ਕਿ ਅਸੀਂ ਸਾਰੇ ਹੀ ਇੱਕ ਮਾਲਕ ਦੀ ਸੰਤਾਨ ਹਾਂ ਭਾਵੇਂ ਸਾਡੇ ਧਰਮ ਅਲੱਗ-ਅਲੱਗ ਹਨ | ਉਹਨਾਂ ਕਿਹਾ ਕਿ ਸਾਨੂੰ ਭਗਵਾਨ ਯਿਸੂ ਮਸੀਹ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਅਤੇ ਸਾਨੂੰ ਸੱਭ ਨੂੰ ਰਲਮਿਲ ਕੇ ਸਮਾਜ ਵਿਚ ਰਹਿਣਾ ਚਾਹੀਦਾ ਹੈ |