ਕਟਾਰੀਆਂ, 21 ਦਸੰਬਰ (ਪ੍ਰੇਮੀ ਸੰਧਵਾਂ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਰਾਮਪੁਰ ਤੇ ਗੁਰਤੇਗ ਸਿੰਘ ਪੂੰਨੀਆ ਜੋ ਪਾਰਟੀ ਵਿੱਚ ਬਲਾਕ ਪ੍ਰਧਾਨਾਂ ਦੀ ਲੰਮੇ ਸਮੇਂ ਤੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਸੇਵਾ ਨਿਭਾਅ ਰਹੇ ਸਨ ਨੇ ਪ੍ਰੈੱਸ ਨੂੰ ਲਿਖਤੀ ਤੌਰ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੇ ਦਿਨੀ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਡੱਟ ਕੇ ਸੇਵਾ ਨਿਭਾਈ | ਪਰ ਹਲਕਾ ਬੰਗਾ ਵਿੱਚ ਲਗਾਤਾਰ ਹੋ ਰਹੀ ਖਿੱਚੋਤਾਣ, ਪਾਰਟੀ ਦੇ ਸੀਨੀਅਰ ਪੁਰਾਣੇ ਜੁਝਾਰੂ ਵਰਕਰਾਂ ਦੀ ਸੁਣਵਾਈ ਨਾ ਕਰਨਾ ਅਤੇ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ 2-3 ਮਹੀਨਿਆਂ ਤੋਂ ਪਹਿਲਾਂ ਬਿਨਾ ਦੱਸੇ 7-8 ਬਲਾਕ ਪ੍ਰਧਾਨਾਂ ਨੂੰ ਹਟਾਉਣ ਕਰਕੇ ਆਗੂਆਂ 'ਚ ਪਾਰਟੀ ਪ੍ਰਤੀ ਭਾਰੀ ਰੋਸ ਹੈ | ਹਰਪ੍ਰੀਤ ਸਿੰਘ ਰਾਮਪੁਰ ਤੇ ਗੁਰਤੇਗ ਸਿੰਘ ਨੇ ਕਿਹਾ ਕਿ ਇਸ ਸਬੰਧੀ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੂੰ ਦੱਸਣ ਦੇ ਬਾਵਜੂਦ ਵੀ ਮਸਲਾ ਹੱਲ ਨਹੀਂ ਹੋਇਆ | ਜਿਸ ਕਾਰਨ ਸਾਨੂੰ ਆਪਣੇ ਅਹੁਦਿਆਂ ਤੋਂ ਮਜ਼ਬੂਰ ਹੋ ਕੇ ਅਸਤੀਫਾ ਦੇਣਾ ਪਿਆ | ਉਨ੍ਹਾਂ ਕਿਹਾ ਕਿ ਪਾਰਟੀ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੇ ਬਲਾਕ ਪ੍ਰਧਾਨ ਨੂੰ ਬਹਾਲ ਨਾ ਕਰਨਾ ਪਾਰਟੀ ਆਗੂਆਂ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਸੰਗਠਨ ਦੇ ਕਿਸੇ ਵੀ ਵਿਅਕਤੀ ਜਾਂ ਵਰਕਰ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਅਸੀਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਹਾਂ | ਉਨ੍ਹਾਂ ਕਿਹਾ ਕਿ ਹਲਕਾ ਲੈਵਲ ਦੇ ਕੁੱਝ ਅਹੁਦੇਦਾਰ ਆਪਣੇ ਪਿੰਡਾਂ 'ਚੋਂ ਵੀ ਪਾਰਟੀ ਨੂੰ ਜਿਤਾ ਨਾ ਸਕੇ | ਉਨ੍ਹਾਂ ਕਿਹਾ ਕਿ ਉਹ ਵਿਅਕਤੀਗਤ ਤੌਰ 'ਤੇ ਪਾਰਟੀ ਨਾਲ ਬਣੇ ਰਹਿਣਗੇ ਅਤੇ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਲੋਕਾਂ ਦੀ ਅਸਲੀਅਤ ਸਾਹਮਣੇ ਲਿਆਵਾਂਗੇ ਜੋ ਪਾਰਟੀ ਦਾ ਨੁਕਸਾਨ ਕਰ ਰਹੇ ਹਨ |