ਨਵਾਂਸ਼ਹਿਰ, 30 ਦਸੰਬਰ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਦੇ ਇੱਕ ਪੈਲੇਸ ਲਾਗੇ ਹੋਏ ਪੁਲਿਸ ਮੁਕਾਬਲੇ 'ਚ ਗੋਲੀ ਲੱਗਣ ਨਾਲ ਇੱਕ ਗੈਂਗਸਟਰ ਜਖਮੀ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਉਕਤ ਕਥਿਤ ਦੋਸ਼ੀ ਵੱਲੋਂ ਪਿੱਛਲੇ ਦਿਨੀ ਨਵਾਂਸ਼ਹਿਰ 'ਚ ਇਕ ਦੁਕਾਨ 'ਤੇ ਗੋਲੀ ਚਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ | ਉਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਕਥਿੱਤ ਦੋਸ਼ੀਆਂ ਦਾ ਪਿੱਛਾ ਕਰਦਿਆਂ ਵਿਸ਼ੇਸ਼ ਟੀਮ ਬਣਾਈ ਗਈ | ਜ਼ਿਨ੍ਹਾਂ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਕਿ ਕਥਿਤ ਦੋਸ਼ੀ ਨਵਾਂਸ਼ਹਿਰ ਦੇ ਬਾਹਰ ਆਪਣੇ ਸਾਥੀਆਂ ਨਾਲ ਜਾ ਰਿਹਾ ਹੈ ਅਤੇ ਪੁਲਿਸ ਪਾਰਟੀ ਵੱਲੋਂ ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਸੁਖਜਿੰਦਰ ਨਾਮੀ ਕਥਿਤ ਦੋਸ਼ੀ ਨੇ ਪੁਲਿਸ 'ਤੇ ਗੋਲੀ ਚੱਲਾ ਦਿੱਤੀ | ਪੁਲਿਸ ਨੇ ਜਵਾਬੀ ਗੋਲੀ ਚਲਾਉਂਦਿਆਂ ਕਾਰਵਾਈ ਕੀਤੀ | ਜੋ ਇੱਕ ਗੋਲੀ ਸੁਖਜਿੰਦਰ ਨਾਮੀ ਵਿਅਕਤੀ ਦੀ ਲੱਤ 'ਚ ਲੱਗੀ | ਪੁਲਿਸ ਵੱਲੋਂ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ | ਮੌਕੇ 'ਤੇ ਪੁੱਜੇ ਤੁਸ਼ਾਰ ਗੁਪਤਾ ਜ਼ਿਲ੍ਹਾ ਪੁਲਿਸ ਮੁੱਖੀ ਨੇ ਆਖਿਆ ਕਿ ਉਕਤ ਕਥਿਤ ਦੋਸ਼ੀ ਵਲੋਂ 28 ਦਸੰਬਰ ਨੂੰ ਨਵਾਂਸ਼ਹਿਰ ਵਿਖੇ ਇੱਕ ਦੁਕਾਨਦਾਰ 'ਤੇ ਗੋਲੀ ਚਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ | ਪੁਲਿਸ ਵੱੱਲੋਂ ਉਸ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਸੁਖਜਿੰਦਰ ਅਤੇ ਉਸ ਦੇ ਸਾਥੀਆਂ ਨੇ ਨਵਾਂਸ਼ਹਿਰ ਵਿਖੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਪੂਰਥਲਾ 'ਚ ਦੋ ਪੈਟਰੋਲ ਪੰਪਾਂ 'ਤੇ ਲੁੱਟ ਮਾਰ ਕੀਤੀ ਅਤੇ ਜਲੰਧਰ 'ਚ ਇੱਕ ਜ਼ਿਊਲਰੀ ਦੀ ਦੁਕਾਨ 'ਤੇ ਵੀ ਘਟਨਾ ਨੂੰ ਅੰਜਾਮ ਦਿੱਤਾ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਕਥਿਤ ਦੋਸ਼ੀ ਇਸ ਸਮੇਂ ਨਵਾਂਸ਼ਹਿਰ ਆਇਆ ਹੋਇਆ ਹੈ | ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਪੁਲਿਸ ਦੀ ਮੁੱਠਭੇੜ 'ਚ ਕਥਿਤ ਦੋਸ਼ੀ ਦੇ ਗੋਲੀ ਲੱਗੀ | ਪੁਲਿਸ ਵੱਲੋਂ ਉਸ ਵੱਲੋਂ ਵਰਤਿਆ ਗਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ | ਉਨ੍ਹਾਂ ਆਖਿਆ ਕਿ ਇਸ ਸਬੰਧੀ ਕਥਿਤ ਦੋਸ਼ੀ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ | ਇਸ ਮੌਕੇ 'ਤੇ ਸਰਬਜੀਤ ਸਿੰਘ ਬਾਹੀਆ ਐਸ.ਪੀ ਨਵਾਂਸ਼ਹਿਰ ਅਤੇ ਰਾਜਕੁਮਾਰ ਡੀ.ਐਸ.ਪੀ ਨਵਾਂਸ਼ਹਿਰ ਮੌਕੇ 'ਤੇ ਪੁੱਜੇ |