ਅਮਲੋਹ, 4 ਜੂਨ (ਹਰਪ੍ਰੀਤ ਸਿੰਘ ਗਿੱਲ)-ਰਾਤ ਦੇ ਸਮੇਂ ਮੋਟਰਾਂ 'ਤੇ ਲੱਗੀਆਂ ਬਿਜਲੀ ਦੀਆਂ ਕੇਬਲਾਂ ਦੀ ਚੋਰੀ ਕਰਦੇ ਇਕ ਵਿਅਕਤੀ ਨੂੰ ਪਿੰਡ ਮੀਆਂਪੁਰ ਦੇ ਇਕ ਕਿਸਾਨ ਵਲੋਂ ਕਾਬੂ ਕਰ ਲਿਆ ਗਿਆ | ਕਾਬੂ ਆਇਆ ਵਿਅਕਤੀ ਗੋਬਿੰਦ ਸਿੰਘ ਉਰਫ਼ ਗੋਬਿੰਦਾ ਪੁੱਤਰ ਅਜੀਤ ਸਿੰਘ ਵਾਸੀ ਰਾਜਗੜ੍ਹ ਛੰਨਾ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਕੁਝ ਸਮੇਂ ਤੋਂ ਆਪਣੇ ਹੋਰ ਸਾਥੀਆਂ ਸਮੇਤ ਕਥਿਤ ਤੌਰ 'ਤੇ ਅਮਲੋਹ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਰਾਤ ਸਮੇਂ ਟਿਊੁਬਵੈਲਾਂ ਤੋਂ ਕੇਬਲਾਂ ਚੋਰੀ ਕਰ ਰਿਹਾ ਸੀ | ਮਿਲੀ ਜਾਣਕਾਰੀ ਅਨੁਸਾਰ ਮੀਆਂਪੁਰ ਪਿੰਡ ਦਾ ਇਕ ਕਿਸਾਨ ਜਦੋਂ ਸਵੇਰੇ ਸਵੱਖਤੇ ਆਪਣੇ ਖੇਤਾਂ 'ਚ ਗੇੜਾ ਮਾਰਨ ਗਿਆ ਤਾਂ ਉਸ ਨੇ ਗੋਬਿੰਦ ਸਿੰਘ ਨੂੰ ਮੋਟਰ ਦੇ ਕੋਲ ਸ਼ੱਕੀ ਹਾਲਤ ਵਿਚ ਵੇਖਿਆ | ਜਦੋਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਗੋਬਿੰਦ ਸਿੰਘ ਦੇ ਹਾਵ-ਭਾਵ ਅਤੇ ਉਲਟੇ-ਸਿਧੇ ਜਵਾਬਾਂ ਕਰਕੇ ਉਹ ਫੜਿਆ ਗਿਆ | ਚੋਰ ਦੇ ਫੜੇ ਜਾਣ ਦੀ ਖ਼ਬਰ ਜਿਵੇਂ ਹੀ ਆਲੇ-ਦੁਆਲੇ ਦੇ ਪਿੰਡਾਂ ਵਿਚ ਫੈਲੀ ਤਾਂ ਵੱਡੀ ਗਿਣਤੀ ਵਿਚ ਲੋਕ ਮੌਕੇ 'ਤੇ ਇਕੱਠੇ ਹੋ ਗਏ | ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਨੇ ਕਿਸਾਨਾਂ ਦੀ ਨੱਕ ਵਿਚ ਦਮ ਕਰ ਰੱਖਿਆ ਸੀ | ਲਗਾਤਾਰ ਮੋਟਰਾਂ ਤੋਂ ਤਾਰਾਂ ਚੋਰੀ ਹੋ ਰਹੀਆਂ ਸਨ, ਕਈ ਵਾਰ ਤਾਂ ਇਕੋ ਹਫ਼ਤੇ 'ਚ ਦੋ ਵਾਰੀ ਵੀ ਚੋਰੀ ਹੋ ਜਾਂਦੀ ਸੀ | ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਵਾਰਦਾਤਾਂ ਬਾਰੇ ਕਈ ਵਾਰ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਜਿਸ 'ਤੇ ਪਿਛਲੇ ਦਿਨੀਂ ਵੀ ਕੇਬਲਾਂ ਚੋਰੀ ਕਰਨ ਦੇ ਦੋਸ਼ ਵਿਚ ਕੁਝ ਵਿਅਕਤੀਆਂ ਦੀ ਗਿ੍ਫ਼ਤਾਰੀ ਹੋਈ ਸੀ, ਪਰ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ | ਅੱਜ ਫੜੇ ਗਏ ਗੋਬਿੰਦ ਸਿੰਘ ਤੋਂ ਮੌਕੇ 'ਤੇ ਹੀ ਵੱਡੀ ਮਾਤਰਾ ਵਿਚ ਚੋਰੀ ਕੀਤੀਆਂ ਤਾਰਾਂ ਤੇ ਬਿਜਲੀ ਦੇ ਵੱਖ-ਵੱਖ ਉਪਕਰਨ, ਜਿਨ੍ਹਾਂ ਨਾਲ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਵੀ ਫੜੀਆਂ ਗਈਆਂ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੋਬਿੰਦ ਸਿੰਘ ਦੇ ਨਾਲ ਕੁਝ ਹੋਰ ਵਿਅਕਤੀ ਵੀ ਸਨ, ਜੋ ਹਨੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋਣ ਵਿਚ ਸਫਲ ਹੋ ਗਏ | ਇਸ ਮਾਮਲੇ ਸਬੰਧੀ ਜਦੋਂ ਥਾਣਾ ਅਮਲੋਹ ਦੇ ਮੁਖੀ ਬਲਜਿੰਦਰ ਸਿੰਘ ਕੰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਇਸ ਗਰੋਹ ਦੀ ਤਹਿ ਤੱਕ ਜਾਣ ਲਈ ਜਾਂਚ ਪੜਤਾਲ ਕਰ ਰਹੇ ਹਨ ਅਤੇ ਜਲਦ ਹੀ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |