ਫ਼ਤਹਿਗੜ੍ਹ ਸਾਹਿਬ, 4 ਜੂਨ (ਰਵਿੰਦਰ ਮੌਦਗਿਲ)-ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਸੜਕ ਹਾਦਸੇ ਦੇ ਮਾਮਲੇ ਵਿਚ ਟਿੱਪਰ ਚਾਲਕ ਨੂੰ ਦੋਸ਼ੀ ਕਰਾਰ ਦਿੱਤਾ ਹੈ | ਮਾਨਯੋਗ ਜੱਜ ਨੇ ਦੋਸ਼ੀ ਬੌਬੀ ਨੂੰ ਧਾਰਾ 304ਏ, ਆਈ.ਪੀ.ਸੀ. ਅਧੀਨ ਦੋ ਸਾਲ ਕੈਦ ਦੀ ਸਜਾ ਸੁਣਾਈ ਹੈ | ਇਸ ਮਾਮਲੇ ਵਿਚ 20 ਫਰਵਰੀ 2019 ਨੂੰ ਸਰਹਿੰਦ ਪੁਲਿਸ ਥਾਣੇ ਵਿਚ 279, 304ਏ, 337, 338 ਅਤੇ 427 ਆਈ.ਪੀ.ਸੀ. ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਕਾਨੂੰਨੀ ਕਾਰਵਾਈ ਦੀ ਜ਼ਿੰਮੇਵਾਰੀ ਸਹਾਇਕ ਥਾਣੇਦਾਰ ਹਰਨੈਬ ਸਿੰਘ ਨੂੰ ਸੌਂਪੀ ਗਈ ਸੀ | ਸ਼ਿਕਾਇਤਕਰਤਾ ਸ਼ਕਤੀ ਕੁਮਾਰ ਨੇ ਪੁਲਿਸ ਨੇ ਦੱਸਿਆ ਸੀ ਕਿ ਉਸ ਦਾ ਦੋਸਤ ਅਮਨਦੀਪ ਸਿੰਘ ਪੁੱਤਰ ਕੇਸਰ ਸਿੰਘ ਮੋਟਰਸਾਈਕਲ 'ਤੇ ਜਾ ਰਿਹਾ ਹੈ, ਉਸ ਦੌਰਾਨ ਸਰਹਿੰਦ-ਪਟਿਆਲਾ ਮਾਰਗ 'ਤੇ ਢਾਬੇ ਨੇੜੇ ਇਕ ਤੇਜ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਨਾਲ ਉਸਦੇ ਦੋਸਤ ਅਮਨਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਵਲੋਂ ਇਸ ਮਾਮਲੇ ਵਿਚ ਟਿੱਪਰ ਚਾਲਕ ਬੌਬੀ ਵਾਸੀ ਜ਼ਿਲ੍ਹਾ ਰੂਪਨਗਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਮਾਮਲੇ ਦੀ ਸੁਣਵਾਈ ਦੇ ਬਾਅਦ ਮਾਨਯੋਗ ਜੱਜ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਸਰਕਾਰੀ ਪੱਖ ਵਲੋਂ ਪੇਸ਼ ਠੋਸ ਸਬੂਤਾਂ ਦੇ ਆਧਾਰ 'ਤੇ ਮੁਲਜ਼ਮ ਬੌਬੀ ਗੈਰ ਇਰਾਦਤਨ ਹੱਤਿਆ ਲਈ ਸਜਾ ਦਾ ਹੱਕਦਾਰ ਹੈ | ਮਾਨਯੋਗ ਜੱਜ ਨੇ ਦੋਸ਼ੀ ਟਿੱਪਰ ਚਾਲਕ ਬੌਬੀ ਨੂੰ ਧਾਰਾ 279, 337, 427 ਅਧੀਨ 6-6 ਮਹੀਨੇ ਅਤੇ ਧਾਰਾ 338 ਆਈ.ਪੀ.ਸੀ. ਅਧੀਨ 1 ਸਾਲ ਕੈਦ ਦੀ ਸਜਾ ਵੀ ਸੁਣਾਈ ਹੈ | ਫ਼ੈਸਲੇ ਅਨੁਸਾਰ ਦੋਸ਼ੀ ਖ਼ਿਲਾਫ਼ ਉਪਰੋਕਤ ਸਾਰੀਆਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ |