ਫਤਹਿਗੜ੍ਹ ਸਾਹਿਬ, 1 ਸਤੰਬਰ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਭਾਖੜਾ ਮੇਨ ਲਾਈਨ ਦੀ ਨਰਵਾਣਾ ਬ੍ਰਾਂਚ ਦੀ ਬੁਰਜੀ ਨੰਬਰ-13443 ਵਿਚ ਦੋ ਛੋਟੇ ਪਾੜ ਪੈ ਗਏ ਸਨ ਜਿਸ ਬਾਰੇ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵਰ੍ਹਦੇ ਮੀਂਹ ਵਿਚ ਮੌਕੇ 'ਤੇ ਪੁੱਜੇ ਅਤੇ ਆਪਣੀ ਨਿਗਰਾਨੀ ਹੇਠ ਇਨ੍ਹਾਂ ਪੈਚਾਂ ਨੂੰ ਬੰਦ ਕਰਵਾਇਆ | ਡੀ.ਸੀ. ਨੇ ਦੱਸਿਆ ਕਿ ਹਾਲਾਂਕਿ ਇਹ ਪਾੜ ਛੋਟੇ ਹੀ ਸਨ, ਪਰ ਫਿਰ ਵੀ ਅਹਿਤਿਆਤ ਦੇ ਤੌਰ 'ਤੇ ਇਨ੍ਹਾਂ ਛੋਟੇ ਪਾੜਾਂ ਨੂੰ ਤਰਜੀਹ ਦੇ ਆਧਾਰ 'ਤੇ ਬੰਦ ਕਰਵਾਇਆ ਜਾਣਾ ਜ਼ਰੂਰੀ ਸੀ, ਕਿਉਂਕਿ ਹਾਲੇ ਵੀ ਤੇਜ਼ ਮੀਂਹ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਜ਼ਿਲ੍ਹੇ 'ਚ ਹੜ੍ਹਾਂ ਜਿਹੀ ਕਿਸੇ ਵੀ ਸਥਿਤੀ ਦੇ ਪੈਦਾ ਹੋਣ ਤੋਂ ਪੂਰੀ ਤਰ੍ਹਾਂ ਬਚਾਅ ਹੈ ਪਰ ਫਿਰ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਸਾਰੇ ਹੀ ਅਧਿਕਾਰੀ ਫ਼ੀਲਡ ਵਿਚ ਦੌਰੇ ਕਰ ਰਹੇ ਹਨ ਅਤੇ ਹਰ ਸਥਿਤੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ | ਉਨ੍ਹਾਂ ਦੱਸਿਆ ਕਿ ਸਰਹਿੰਦ ਚੋਅ ਤੇ ਪਟਿਆਲਾ ਕੀ ਰਾਓ ਵਿਖੇ ਵੀ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ | ਡੀ.ਸੀ.ਨੇ ਦੱਸਿਆ ਕਿ ਅੱਜ ਹੋਈ ਭਾਰੀ ਬਰਸਾਤ ਕਾਰਨ ਜਿਹੜੇ ਸ਼ਹਿਰੀ ਜਾਂ ਦਿਹਾਤੀ ਖੇਤਰਾਂ ਵਿਚ ਬਰਸਾਤੀ ਪਾਣੀ ਦੇ ਇਕੱਤਰ ਹੋਣ ਦੀਆਂ ਸੂਚਨਾਵਾਂ ਮਿਲਣ ਦੀ ਸੂਰਤ ਵਿਚ ਫ਼ੌਰੀ ਸਬੰਧਿਤ ਵਿਭਾਗਾਂ ਰਾਹੀਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਪਰਮਪ੍ਰੀਤ ਸਿੰਘ ਗੁਰਾਇਆ, ਐਸ.ਡੀ.ਓ. ਬੀ.ਐਮ.ਐਲ. ਰਾਜੇਸ਼ ਕੁਮਾਰ, ਜੇ.ਈ ਗੁਰਵਿੰਦਰ ਸਿੰਘ, ਗਗਨ ਕੁਮਾਰ ਤੇ ਮਾਨਵ ਜਿੰਦਲ ਵੀ ਮੌਜੂਦ ਸਨ |