ਫ਼ਤਹਿਗੜ੍ਹ ਸਾਹਿਬ, 2 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਬਲਜੀਤ ਸਿੰਘ ਭੁੱਟਾ ਨੇ ਪੰਜਾਬ ਵਿਚ ਹੜ੍ਹਾਂ ਕਾਰਨ ਪੈਦਾ ਹੋਈ ਸੰਕਟਮਈ ਸਥਿਤੀ ਵਿਚ ਪੰਜਾਬ ਵਾਸੀਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿਚ ਭਾਰੀ ਬਾਰਸ਼ਾਂ ਕਾਰਨ ਸੂਬੇ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ, ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ ਤੇ ਘਰਾਂ ਵਿਚ ਪਾਣੀ ਵੜਨ ਕਰਕੇ ਘਰੇਲੂ ਸਾਮਾਨ ਖ਼ਰਾਬ ਹੋ ਚੁੱਕਿਆ ਹੈ | ਇਸ ਤੋਂ ਇਲਾਵਾ ਪਸ਼ੂਆਂ ਦੇ ਹਰੇ ਚਾਰੇ ਦਾ ਅਤੇ ਭਾਰੀ ਜਾਨੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ਵਿਚ ਪੰਜਾਬੀਆਂ ਨੂੰ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਆਪਣੇ ਭਰਾਵਾਂ ਨਾਲ ਖੜ੍ਹਨ ਦੀ ਜ਼ਰੂਰਤ ਹੈ | ਭੁੱਟਾ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇਸ਼ ਵਾਸੀਆਂ ਤੋਂ ਕਰੋੜਾਂ ਰੁਪਏ ਦਾ ਟੈਕਸ ਇਕੱਠਾ ਕਰਦੀਆਂ ਹਨ, ਪ੍ਰੰਤੂ ਅੱਜ ਮਾੜੇ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਸਰਕਾਰਾਂ ਤੋਂ ਮਦਦ ਦੀ ਕੋਈ ਉਮੀਦ ਨਹੀਂ | ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਈਆਂ ਹਨ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ | ਜਿਨ੍ਹਾਂ ਦੇ ਮਕਾਨ ਅਤੇ ਵਹੀਕਲ ਜਾਂ ਹੋਰ ਚੀਜ਼ਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਭਰਪਾਈ ਵੀ ਸਰਕਾਰ ਨੂੰ ਕਰਨੀ ਚਾਹੀਦੀ ਹੈ | ਇਸ ਮੌਕੇ 'ਤੇ ਨਰਿੰਦਰ ਸਿੰਘ ਫਾਟਕ ਮਾਜਰੀ, ਬਲਵਿੰਦਰ ਸਿੰਘ, ਗਿਆਨ ਸਿੰਘ ਖਰੋਡ, ਸੁਖਵਿੰਦਰ ਸਿੰਘ, ਬਹਾਦਰ ਸਿੰਘ, ਸੁਰਿੰਦਰ ਸਿੰਘ ਬਿੰਮਰਾ, ਅੰਮਿ੍ਤ ਸਿੰਘ, ਨਾਜਰ ਸਿੰਘ ਬਲਾੜ੍ਹੀ ਕਲਾਂ, ਬਲਜੀਤ ਸਿੰਘ ਦਿਓਲ, ਮਨਦੀਪ ਸਿੰਘ ਨੰਡਿਆਲੀ, ਪਰਮਿੰਦਰ ਸਿੰਘ ਬਲਾੜ੍ਹੀ ਕਲਾਂ, ਯਾਦਵਿੰਦਰ ਸਿੰਘ ਰੁੜਕੀ, ਬੇਅੰਤ ਸਿੰਘ ਭੰਗੂ, ਪਲਵਿੰਦਰ ਸਿੰਘ ਚੀਮਾ, ਜਤਿੰਦਰ ਸਿੰਘ ਨੰਡਿਆਲੀ ਵੀ ਹਾਜ਼ਰ ਸਨ |