ਖਮਾਣੋਂ, 2 ਸਤੰਬਰ (ਮਨਮੋਹਣ ਸਿੰਘ ਕਲੇਰ)-ਸੂਬੇ 'ਚ ਆਏ ਭਿਆਨਕ ਹੜ੍ਹਾਂ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ | ਜਿਸ ਕਰਕੇ ਖਮਾਣੋਂ ਖੇਤਰ ਦੇ ਲੋਕਾਂ ਨੂੰ ਅਪੀਲ ਹੈ ਕਿ ਇਨਸਾਨੀਅਤ ਦਾ ਫ਼ਰਜ਼ ਨਿਭਾਉਂਦੇ ਹੋਏ ਆਪਣੇ ਲੋਕਾਂ ਦੀ ਹਰ ਤਰ੍ਹਾਂ ਦੇ ਸੁੱਕੇ ਰਾਸ਼ਨ ਦੀ ਮਦਦ ਕਰੀਏ | ਇਹ ਪ੍ਰਗਟਾਵਾ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਨੇ ਦਾਨੀ ਸੱਜਣਾ ਨੂੰ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਵਿਖੇ ਸੁੱਕੀ ਰਸਦ ਪਹੁੰਚਾਉਣ ਦੀ ਭਾਵੁਕ ਅਪੀਲ ਕਰਦੇ ਹੋਏ ਕੀਤਾ ਤੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਪੈਰਾਂ 'ਤੇ ਖੜ੍ਹਾ ਹੋਣ ਲਈ ਕਈ ਸਾਲ ਦਾ ਸਮਾਂ ਲੱਗਣਾ ਹੈ | ਜਿਸ ਕਰਕੇ ਇਨ੍ਹਾ ਲੋਕਾਂ ਦੀ ਮਦਦ ਕਰਨਾ ਸਾਡਾ ਇਨਸਾਨੀ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਦਿੱਤੇ ਜਾਣ ਵਾਲੇ ਰਾਸ਼ਨ ਆਟਾ, ਚਾਵਲ, ਘਿਓ, ਰਿਫਾਇੰਡ, ਦਾਲਾਂ ਅਤੇ ਬਰੈੱਡਾਂ, ਰਸ ਵਗ਼ੈਰਾ ਸ਼ਾਮਿਲ ਹਨ | ਇਸ ਲਈ ਸੰਗਤਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਨੇਕ ਕੰਮ 'ਚ ਵਧ-ਚੜ੍ਹ ਕੇ ਹਿੱਸਾ ਪਾਇਆ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਬੇਜ਼ਬਾਨ ਪਸ਼ੂਆਂ ਲਈ ਸੁੱਕਾ ਚਾਰਾ, ਫੀਡ ਆਦਿ ਦੀ ਸੇਵਾ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਵਲੋਂ ਅੱਗੇ ਕਿੱਟਾਂ ਬਣਾ ਕੇ ਇਹ ਸਮੱਗਰੀ ਹੜ੍ਹ ਪ੍ਰਭਾਵਿਤ ਥਾਵਾਂ ਦੀ ਪਛਾਣ ਕਰਕੇ ਤਕਸੀਮ ਕੀਤੀ ਜਾਵੇਗੀ | ਜਿੱਥੇ ਅਜੇ ਤਕ ਰਾਹਤ ਸਮੱਗਰੀ ਨਹੀਂ ਪਹੁੰਚੀ | ਇਸ ਮੌਕੇ ਬਲਜਿੰਦਰ ਸਿੰਘ ਬੌੜ ਸਾਬਕਾ ਚੇਅਰਮੈਨ, ਸੁਖਵਿੰਦਰ ਸਿੰਘ ਜ਼ੈਲਦਾਰ, ਸਤਨਾਮ ਸਿੰਘ, ਲਿਖੀ ਗਰੇਵਾਲ ਅਤੇ ਜਸਵੰਤ ਸਿੰਘ ਮੰਡੋਫਲ ਹਾਜ਼ਰ ਸਨ |