ਮੰਡੀ ਗੋਬਿੰਦਗੜ੍ਹ, 3 ਸਤੰਬਰ (ਇਕਬਾਲਦੀਪ ਸੰਧੂ)-ਅੱਜ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਸੂਬੇ ਦੇ ਹਰ ਵਰਕਰ ਤੇ ਆਗੂ ਨੂੰ ਸਖ਼ਤ ਮਿਹਨਤ ਕਰਦੇ ਹੋਏ ਲੋਕ ਤੇ ਪੰਜਾਬ ਹਿਤੈਸ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸੂਬੇ ਦੀ ਹਰ ਸਮੱਸਿਆ ਦਾ ਹੱਲ ਹੋ ਸਕੇ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸਰਕਲ ਮੰਡੀ ਗੋਬਿੰਦਗੜ੍ਹ ਦੇ ਸਰਕਲ ਪ੍ਰਧਾਨਾਂ ਨਾਲ ਵਿਸ਼ੇਸ਼ ਮੀਟਿੰਗ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜੋ 'ਆਪ' ਸਰਕਾਰ ਦੀ ਕਾਰਗੁਜ਼ਾਰੀ ਹੈ ਉਹ ਕਿਸੇ ਤੋਂ ਛੁਪੀ ਹੋਈ ਨਹੀਂ | ਜਿਹੜੀ ਸਰਕਾਰ ਸਮੇਂ 'ਤੇ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਦੇ ਸਕਦੀ, ਉਸ ਤੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ? ਰਾਜੂ ਖੰਨਾ ਨੇ ਕਿਹਾ ਕਿ ਅੱਜ ਪੰਜਾਬ ਪਾਣੀ ਦੀ ਮਾਰ ਹੇਠ ਹੈ ਤੇ ਸਰਕਾਰ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਦੀ ਬਜਾਏ ਬਾਹਰਲੇ ਸੂਬਿਆਂ ਵਿਚ ਮੌਜ ਮਸਤੀ ਕਰ ਰਹੀ ਹੈ ਤੇ ਹੜ੍ਹ ਪੀੜਤ ਲੋਕ ਤੜਫ਼ ਰਹੇ ਹਨ | ਇਸ ਮੌਕੇ ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਭਿੰਦਰ ਸਿੰਘ, ਕੁਲਵਿੰਦਰ ਸਿੰਘ ਭੰਗੂ, ਜਰਨੈਲ ਸਿੰਘ ਮਾਜਰੀ, ਬਲਜਿੰਦਰ ਸਿੰਘ ਸੇਖੋਂ, ਨਾਜ਼ਰ ਸਿੰਘ ਸੰਤ ਨਗਰ, ਸੋਮਨਾਥ ਸਿੰਘ ਅਜਨਾਲੀ, ਗੁਰਪ੍ਰੀਤ ਸਿੰਘ ਨੋਨੀ ਤੇ ਸੁਖਬੀਰ ਸਿੰਘ ਡਡਹੇੜੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |