ਫ਼ਤਹਿਗੜ੍ਹ ਸਾਹਿਬ, 3 ਸਤੰਬਰ (ਰਵਿੰਦਰ ਮੌਦਗਿਲ)-ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਨੇ ਪੰਜਾਬ ਵਿਚ ਤਬਾਹੀ ਮਚਾਈ ਹੋਈ ਹੈ, ਪਰ ਅਫ਼ਸੋਸ ਕਿ ਹੁਣ ਤੱਕ ਨਾ ਹੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਕੇਂਦਰ ਸਰਕਾਰ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਹੜ੍ਹ ਪੀੜਤਾਂ ਦੇ ਨੁਕਸਾਨ ਦੀ ਭਰਪਾਈ ਲਈ ਕੋਈ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ, ਇਹ ਨਿੰਦਣਯੋਗ ਹੀ ਨਹੀਂ ਦੁਖਦਾਈ ਵੀ ਹੈ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ ਕਿਸਾਨ, ਮਜ਼ਦੂਰ ਤੇ ਹੋਰ ਆਮ ਲੋਕਾਂ ਦਾ ਦਰਦ ਵੰਡਾਉਣ ਦੀ ਪਰੰਪਰਾ ਨੂੰ ੂ ਸ਼ੋ੍ਰਮਣੀ ਅਕਾਲੀ ਦਲ ਅਤੇ ਸ਼ੋ੍ਰਮਣੀ ਕਮੇਟੀ ਨੇ ਜਾਰੀ ਰੱਖੀ ਹੈ, ਪਰ ਹੋਰ ਸਮਾਜ ਸੇਵੀ ਸੰਸਥਾਵਾਂ ਖ਼ਾਸਕਰ ਸ਼ਹਿਰੀ ਨਜ਼ਰ ਨਹੀਂ ਆ ਰਹੀਆਂ ਹਨ, ਜਦਕਿ ਇਸ ਤਰਾਸਦੀ ਵਿਚ ਹਰ ਸਮਰੱਥਾਵਾਨ ਦਾ ਅੱਗੇ ਆ ਕੇ ਲੋੜਵੰਦਾਂ ਦੀ ਬਾਂਹ ਫੜਨਾ ਫ਼ਰਜ਼ ਬਣਦਾ ਹੈ | ਉਨ੍ਹਾਂ ਕਿਹਾ ਕਿ ਜੋ ਗਾਇਕ ਤੇ ਅਦਾਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ, ਉਹ ਕਿਤੇ ਨਾਂ ਕਿਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ | ਐਡ. ਧਾਰਨੀ ਨੇ ਕਿਹਾ ਕਿ ਜ਼ਿਮੀਂਦਾਰ ਨੂੰ ਜੇ ਘਰ ਛੱਡਣਾ ਪੈ ਜਾਵੇ ਤਾਂ ਉਹ ਕਦੇ ਵੀ ਆਪਣੇ ਪਸ਼ੂਆਂ ਨੂੰ ਉੱਥੇ ਮਰਨ ਲਈ ਛੱਡ ਕੇ ਨਹੀਂ ਆਉਂਦਾ, ਉਸ ਦੀ ਕੋਸ਼ਿਸ਼ ਹੁੰਦੀ ਹੈ ਕਿਸੇ ਤਰੀਕੇ ਦੇ ਨਾਲ ਉਨ੍ਹਾਂ ਨੂੰ ਕੱਢ ਕੇ ਲੈ ਜਾਵੇ | ਉਨ੍ਹਾਂ ਕਿਹਾ ਕਿ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਮੌਕੇ ਤੇ ਜਾ ਕੇ ਪੀੜਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਡਬਲ ਇੰਜਣ ਦੀ ਸਰਕਾਰ ਹੁੰਦੀ ਤਾਂ ਸ਼ਾਇਦ ਮੋਦੀ ਆਰਥਿਕ ਮਦਦ ਭੇਜਣ ਵਿਚ ਦੇਰ ਨਾ ਕਰਦੇ ਅਤੇ ਸੂਬਾ ਸਰਕਾਰ ਵੀ ਹੜ੍ਹ ਪੀੜਤਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਆਪਣੇ ਖ਼ਜ਼ਾਨੇ ਦਾ ਮੰੂਹ ਖੋਲ੍ਹਦੀ ਤਾਂ ਜ਼ਿਆਦਾ ਚੰਗਾ ਹੁੰਦਾ |