ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਲੋਂ ਨਵੇਂ ਦਾਖਲ ਹੋਏ ਪੀ.ਐਚ.ਡੀ. ਰਿਸਰਚ ਸਕਾਲਰਾਂ ਦਾ ਸਵਾਗਤ ਕਰਨ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਸਾਲ ਯੂਨੀਵਰਸਿਟੀ ਵਿਚ ਕਾਫ਼ੀ ਗਿਣਤੀ 'ਚ ਦਾਖ਼ਲੇ ਹੋਏ ਹਨ, ਜਿਨ੍ਹਾਂ ਵਿਚ ਕਈ ਨੈੱਟ ਪਾਸ ਵਿਦਿਆਰਥੀ ਤੇ ਵਿਦੇਸ਼ੀ ਵਿਦਿਆਰਥੀ ਵੀ ਸ਼ਾਮਿਲ ਹਨ | ਸਵਾਗਤੀ ਭਾਸ਼ਣ ਦੌਰਾਨ ਡਾ. ਨਵਦੀਪ ਕੌਰ ਡੀਨ ਰਿਸਰਚ ਨੇ ਪੀ.ਐਚ.ਡੀ. ਸੰਬੰਧੀ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦਾਖ਼ਲੇ, ਰਜਿਸਟ੍ਰੇਸ਼ਨ, ਸਿਨੌਪਸਿਸ ਅਪ੍ਰੂਵਲ, ਥੀਸਿਸ ਸਮਰਪਣ, ਪਲੇਜਰਿਜ਼ਮ ਜਾਂਚ ਅਤੇ ਰਿਸਰਚ ਕਮੇਟੀਆਂ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਨੈਤਿਕ ਖੋਜ ਪਾਲਨ ਅਤੇ ਸਮੇਂ 'ਤੇ ਪੀ.ਐਚ.ਡੀ. ਪੂਰੀ ਕਰਨ ਲਈ ਪ੍ਰੇਰਿਤ ਕੀਤਾ | ਆਪਣੇ ਉਦਘਾਟਨੀ ਭਾਸ਼ਣ ਵਿਚ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਸਕਾਲਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਮੰਨੇ-ਪ੍ਰਮੰਨੇ ਜਨਰਲਾਂ ਵਿਚ ਗੁਣਵੱਤਾ ਵਾਲੇ ਪ੍ਰਕਾਸ਼ਨ ਕਰਨ 'ਤੇ ਧਿਆਨ ਦੇਣ | ਉਨ੍ਹਾਂ ਅਕਾਦਮਿਕ ਪ੍ਰੋਫਾਈਲ ਵਿਚ ਸਾਈਟੇਸ਼ਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਸਮਾਜਿਕ ਤੌਰ 'ਤੇ ਸੰਗਤੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ | ਡਾ. ਸ਼ੀਨਮ ਮਲਹੋਤਰਾ, ਨੋਡਲ ਅਫ਼ਸਰ ਸਕਾਲਰਸ਼ਿਪ ਤੇ ਰਿਸਰਚ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਪੇਟੈਂਟ, ਫੈਲੋਸ਼ਿਪ, ਪਲੇਜਰਿਜ਼ਮ ਨਿਯਮਾਂ ਅਤੇ ਫੰਡਿੰਗ ਮੌਕਿਆਂ ਬਾਰੇ ਸੰਵੇਦਨਸ਼ੀਲ ਕੀਤਾ | ਇੰਡਕਸ਼ਨ ਪ੍ਰੋਗਰਾਮ ਦਾ ਸੰਚਾਲਨ ਜਸਕੀਰਤ ਕੌਰ ਰਿਸਰਚ ਸਕਾਲਰ ਤੇ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਵਿਭਾਗ ਵਲੋਂ ਕੀਤਾ ਗਿਆ |