ਬਸੀ ਪਠਾਣਾਂ, 24 ਸਤੰਬਰ (ਐਚ.ਐਸ.ਗੌਤਮ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਬਸੀ ਪਠਾਣਾਂ ਇਕਾਈ ਦੇ ਮੈਂਬਰਾਂ ਨੇ ਹੁਸ਼ਿਆਰਪੁਰ ਜ਼ਿਲੇ੍ਹ ਅੰਦਰ ਇਕ ਪ੍ਰਵਾਸੀ ਵਲੋਂ ਪੰਜ ਸਾਲ ਦੇ ਬੱਚੇ ਦੇ ਵਹਿਸ਼ੀ ਕਤਲ ਦੀ ਸਖ਼ਤ ਨਿੰਦਾ ਕਰਦਿਆਂ ਉਸਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਕੁਝ ਹਿੱਸਿਆ 'ਚ ਕੁਝ ਸਮੂਹਾਂ ਤੇ ਪੰਚਾਇਤਾਂ ਵਲੋਂ ਗੈਰ ਜਮਹੂਰੀ ਪਾਸ ਕੀਤੇ ਮਤਿਆਂ ਰਾਹੀਂ ਪ੍ਰਵਾਸੀ ਲੋਕਾਂ ਵਿਰੁੱਧ ਫ਼ਿਰਕੂ ਨਫ਼ਰਤ ਫੈਲਾਉਣ ਤੇ ਪੰਜਾਬ ਛੱਡ ਕੇ ਜਾਣ ਦੀਆ ਧਮਕੀਆਂ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਵੀ ਕੀਤੀ | ਬਸੀ ਪਠਾਣਾਂ ਇਕਾਈ ਦੀ ਮੀਟਿੰਗ ਤੋਂ ਬਾਅਦ ਇਕਾਈ ਮੁਖੀ ਹਰਨੇਕ ਸਿੰਘ, ਜੋਨ ਆਗੂ ਅਜੀਤ ਪ੍ਰਦੇਸ਼ੀ, ਮੀਡੀਆ ਮੁਖੀ ਮੇਹਰ ਸਿੰਘ ਨੇ ਕਿਹਾ ਕਿ ਇਕ ਪ੍ਰਵਾਸੀ ਵਲੋਂ ਹੁਸ਼ਿਆਰਪੁਰ 'ਚ ਪੰਜ ਸਾਲਾਂ ਬੱਚੇ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਦੁਖਦਾਈ ਘਟਨਾ ਨੇ ਹਰ ਸੰਵੇਦਨਸ਼ੀਲ ਵਿਅਕਤੀ ਦੇ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਈ ਹੈ | ਪਰ ਕੁਝ ਪੰਚਾਇਤਾਂ ਤੇ ਗਰੁੱਪਾਂ ਵਲੋਂ ਕਿਸੇ ਇਕ ਵਿਅਕਤੀ ਵਲੋਂ ਕੀਤੇ ਅਪਰਾਧ ਲਈ ਸਮੁੱਚੇ ਪ੍ਰਵਾਸੀ ਭਾਈਚਾਰੇ ਨੂੰ ਹੀ ਜ਼ਿੰਮੇਵਾਰ ਠਹਿਰਾਉਣ ਦੀ ਕਾਰਵਾਈ ਪੰਜਾਬ ਵਿਚਲੀ ਭਾਈਚਾਰਕ ਏਕਤਾ ਤੇ ਅਮਨ ਸ਼ਾਂਤੀ ਲਈ ਖ਼ਤਰਨਾਕ, ਗੈਰ ਜਮਹੂਰੀ ਤੇ ਲੋਕ ਵਿਰੋਧੀ ਹੈ | | ਆਗੂਆਂ ਨੇ ਪਰਵਾਸੀਆਂ ਖ਼ਿਲਾਫ਼ ਮਤੇ ਪਾਉਣ ਵਾਲੀਆਂ ਪੰਚਾਇਤਾਂ ਨੂੰ ਭਾਈਚਾਰਕ ਸਾਂਝ ਕਾਇਮ ਰੱਖਣ, ਦੂਰ ਅੰਦੇਸ਼ੀ ਤੇ ਸਹਿਣਸ਼ੀਲਤਾ ਰੱਖਣ ਅਤੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਸਜਾ ਦਿਵਾਉਣ ਲਈ ਸਾਂਝੇ ਮੰਚ ਤੋਂ ਉਪਰਾਲੇ ਕਰਨ ਲਈ ਅਪੀਲ ਕੀਤੀ |