ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਐਨ.ਐੱਸ.ਐੱਸ. ਯੂਨਿਟ ਵਲੋਂ ਐਨ.ਸੀ.ਸੀ. ਯੂਨਿਟ ਦੇ ਸਹਿਯੋਗ ਨਾਲ ਕਾਲਜ ਦੇ ਸਾਬਕਾ ਐਨ.ਸੀ.ਸੀ. ਅਫ਼ਸਰ ਤੇ ਕੈਮਿਸਟਰੀ ਵਿਭਾਗ ਦੇ ਪ੍ਰੋਫ਼ੈਸਰ ਸਵਰਗੀ ਡਾ. ਅੰਮਿ੍ਤਪਾਲ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦੌਰਾਨ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀ ਟੀਮ ਵਲੋਂ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਪਾਸੋਂ 105 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਕਾਲਜ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਜਗਦੀਪ ਸਿੰਘ ਚੀਮਾ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖ਼ੂਨਦਾਨ ਸਰਵੋਤਮ ਦਾਨ ਹੈ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਖ਼ੂਨਦਾਨ ਕੈਂਪ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਸਮਾਜ ਪ੍ਰਤੀ ਆਪਣੇ ਸੁਹਿਰਦ ਯੋਗਦਾਨ ਦੀ ਅਹਿਮ ਭੂਮਿਕਾ ਨਿਭਾਈ ਹੈ | ਕਾਲਜ ਦੇ ਡਾਇਰੈਕਟਰ ਪਿੰ੍ਰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਸਵ: ਡਾ. ਅੰਮਿ੍ਤਪਾਲ ਸਿੰਘ ਅਸਿਸਟੈਂਟ ਪੋ੍ਰਫ਼ੈਸਰ ਕੈਮਿਸਟਰੀ ਵਿਭਾਗ, ਦੀ ਨਿੱਘੀ ਯਾਦ ਵਿਚ ਲਗਾਇਆ ਗਿਆ ਹੈ | ਵਾਈਸ ਪਿ੍ੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਸੇਵਾ ਭਾਵਨਾ, ਆਪਸੀ ਸਹਿਯੋਗ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਉਸਾਰੀ ਕਰਨ ਵਿਚ ਖ਼ੂਨਦਾਨ ਕੈਂਪ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਡਾ. ਜਗਦੀਸ਼ ਸਿੰਘ, ਐੱਨ.ਐੱਸ.ਐੱਸ. ਅਫ਼ਸਰ ਪ੍ਰੋ. ਬੀਰਇੰਦਰ ਸਿੰਘ ਸਰਾਓ, ਪ੍ਰੋ. ਰਵਿੰਦਰ ਕੌਰ, ਪ੍ਰੋ. ਹਰਭਿੰਦਰ ਸਿੰਘ, ਡਾ. ਨੈਨਾ ਖੁੱਲ੍ਹਰ, ਪ੍ਰੋ. ਹਰਮਨਜੋਤ ਕੌਰ ਅਤੇ ਐਨ.ਸੀ.ਸੀ ਅਫ਼ਸਰ ਡਾ. ਪੁਸ਼ਪਿੰਦਰ ਸਿੰਘ ਮੌਜੂਦ ਸਨ |