ਖਮਾਣੋਂ, 25 ਸਤੰਬਰ (ਜੋਗਿੰਦਰ ਪਾਲ)-ਸੀਨੀਅਰ ਭਾਜਪਾ ਆਗੂ ਬਿਰਜ ਲਾਲ ਸ਼ਰਮਾ ਨੇ ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਵਿਚ ਕੀਤੀ ਕਟੌਤੀ ਨੂੰ ਇਤਿਹਾਸਕ ਤੇ ਲੋਕ-ਹਿਤੈਸ਼ੀ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਜੀ.ਐਸ.ਟੀ. ਦੀਆਂ ਦਰਾਂ ਵਿਚ ਕਟੌਤੀ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ ਅਤੇ ਹਰ ਵਰਗ ਨੂੰ ਇਸ ਦਾ ਲਾਭ ਪੁੱਜੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਸਦਾ ਹੀ ਆਮ ਜਨਤਾ, ਕਿਸਾਨਾਂ ਅਤੇ ਮੱਧਵਰਗ ਦੇ ਹਿਤਾਂ ਨੂੰ ਪਹਿਲ ਦਿੰਦੀ ਆ ਰਹੀ ਹੈ ਅਤੇ ਜੀ.ਐਸ.ਟੀ. ਦੀ ਕਟੌਤੀ ਨਾਲ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਸਸਤੀਆਂ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਇਸ ਨਾਲ ਮੱਧਵਰਗ ਅਤੇ ਗ਼ਰੀਬ ਘਰਾਂ ਦੇ ਘਰੇਲੂ ਖ਼ਰਚ ਵਿਚ ਵਾਧੂ ਰਾਹਤ ਮਿਲੀ ਹੈ ਅਤੇ ਦਰਾਂ ਘਟਣ ਨਾਲ ਮਾਰਕੀਟ ਵਿਚ ਖ਼ਰੀਦਦਾਰੀ ਦੀ ਗਤੀ ਵਿਚ ਤੇਜ਼ੀ ਆਵੇਗੀ ਅਤੇ 5 ਫ਼ੀਸਦੀ ਵਾਲੇ ਸਲੈਬ ਵਿਚ ਰੋਜ਼ਮੱਰਾ ਦੇ ਵਰਤੋਂ ਵਾਲੀਆਂ ਕਈ ਵਸਤਾਂ ਆਉਂਦੀਆਂ ਹਨ, ਜੋ ਹੁਣ ਹੋਰ ਵੀ ਸਸਤੀਆਂ ਹੋ ਗਈਆਂ ਹਨ | ਸਿਹਤ ਸੇਵਾਵਾਂ ਅਤੇ ਜੀਵਨ ਬੀਮਾ 'ਤੇ ਜੀ.ਐਸ.ਟੀ. ਪੂਰੀ ਤਰ੍ਹਾਂ ਖ਼ਤਮ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਅਨੁਸਾਰ ਇਹ ਫ਼ੈਸਲਾ ਆਮ ਲੋਕਾਂ ਲਈ ਵੱਡਾ ਤੋਹਫ਼ਾ ਹੈ, ਮੋਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਟੈਕਸ ਨੀਤੀ ਸਿਰਫ਼ ਮਾਲੀਆ ਉਗਰਾਹੀ ਦਾ ਸਾਧਨ ਨਹੀਂ, ਸਗੋਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਸਾਧਨ ਵੀ ਹੈ |