ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਫ਼ਤਹਿਗੜ੍ਹ ਸਾਹਿਬ ਅਦਾਲਤ ਵਲੋਂ ਨਾਬਾਲਿਗ ਲੜਕੀ ਨੂੰ ਫ਼ਿਲਮਾਂ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਮੁਕੱਦਮੇ ਵਿਚ ਨਾਮਜ਼ਦ ਬਿਹਾਰੀ ਮੂਲ ਦੇ ਨੌਜਵਾਨ ਨੂੰ 20 ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਜੈ ਪ੍ਰਕਾਸ਼ (32) ਵਾਸੀ ਜ਼ਿਲ੍ਹਾ ਰੋਹਤਾਸ (ਬਿਹਾਰ) ਦੇ ਖਿਲਾਫ਼ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਵਲੋਂ 13 ਜੂਨ 2024 ਨੂੰ ਧਾਰਾ 376, 366, 363 ਆਈ.ਪੀ.ਸੀ. ਅਤੇ ਪੋਸਕੋ ਐਕਟ ਦੀ ਧਾਰਾ 6 ਅਧੀਨ ਮੁਕੱਦਮਾ ਦਰਜ ਕਰਕੇ ਜੈ ਪ੍ਰਕਾਸ਼ ਨੂੰ ਗਿ੍ਫਤਾਰ ਕੀਤਾ ਗਿਆ ਸੀ | ਮਾਮਲੇ ਸੰਬੰਧੀ ਪੀੜਤ ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਨ੍ਹਾਂ ਦੀ 16 ਸਾਲਾ ਲੜਕੀ ਨੂੰ ਫ਼ਿਲਮਾਂ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਜੈ ਪ੍ਰਕਾਸ਼ ਬਿਹਾਰ ਲੈ ਗਿਆ, ਜਿੱਥੇ ਉਕਤ ਪ੍ਰਵਾਸੀ ਵਲੋਂ ਨਾਬਾਲਿਗ ਲੜਕੀ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਜਬਰ ਜਨਾਹ ਕੀਤਾ ਗਿਆ | ਮੁਕੱਦਮੇ ਦੀ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਐਡੀਸ਼ਨਲ ਸੈਸ਼ਨਜ਼ ਜੱਜ ਦੀ ਅਦਾਲਤ ਵਲੋਂ ਜੈ ਪ੍ਰਕਾਸ਼ ਨੂੰ ਦੋਸ਼ੀ ਕਰਾਰ ਦਿੱਤਾ ਗਿਆ | ਅਦਾਲਤ ਨੇ ਜੈ ਪ੍ਰਕਾਸ਼ ਨੂੰ ਪੌਸਕੋ ਐਕਟ ਦੀ ਧਾਰਾ 6 ਤਹਿਤ ਦੋਸ਼ੀ ਮੰਨਦੇ ਹੋਏ 20 ਸਾਲ ਕੈਦ ਤੇ ਇਕ ਲੱਖ ਰੁਪਏ ਜੁਰਮਾਨਾ, ਧਾਰਾ 366 ਆਈ.ਪੀ.ਸੀ. ਤਹਿਤ 7 ਸਾਲ ਕੈਦ 30 ਹਜ਼ਾਰ ਰੁਪਏ ਜੁਰਮਾਨਾ ਅਤੇ 363 ਆਈ.ਪੀ.ਸੀ. ਤਹਿਤ 4 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ |