ਲਾਲੜੂ (ਮੁਹਾਲੀ), 15 ਨਵੰਬਰ - ਲਾਲੜੂ ਦੇ ਪਿੰਡ ਬੱਲੋਪੁਰ ਵਿਚ ਸ਼ਨੀਵਾਰ ਦੁਪਹਿਰ ਤੋਂ ਸ਼ੱਕੀ ਹਾਲਤ ਵਿਚ ਲਾਪਤਾ ਹੋਏ ਢਾਈ ਸਾਲਾ ਮਾਸੂਮ ਬੱਚੇ ਦੀ ਲਾਸ਼ ਐਤਵਾਰ ਨੂੰ ਗੁਆਂਢੀਆਂ ਦੇ ਘਰ ਦੀ ਛੱਤ ਤੋਂ ਮਿਲਣ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਇਕ ਦਿਨ ਪਹਿਲਾਂ ਘਰ ਦੇ ਸਾਹਮਣੇ ਗਲੀ ਵਿਚ ਖੇਡਦਿਆਂ ਅਚਾਨਕ ਲਾਪਤਾ ਹੋਏ ਬੱਚੇ ਦੀ ਲਾਸ਼ ਗੁਆਂਢੀਆਂ ਦੀ ਛੱਤ ਤੋਂ ਮਿਲਣ ਦੀ ਖ਼ਬਰ ਨੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਲਾਲੜੂ ਪੁਲਿਸ, ਸੀ.ਆਈ.ਏ. ਦੀ ਟੀਮ ਅਤੇ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਪਿੰਡ ਬੱਲੋਪੁਰ ਵਾਸੀ ਗੁਰਵਿੰਦਰ ਸਿੰਘ ਦਾ ਕਰੀਬ ਢਾਈ ਸਾਲਾ ਪੁੱਤਰ ਸ਼ਨੀਵਾਰ ਦੁਪਹਿਰ ਕਰੀਬ ਸਾਢੇ 12 ਵਜੇ ਆਪਣੇ ਘਰ ਦੇ ਸਾਹਮਣੇ ਗਲੀ ਵਿਚ ਖੇਡ ਰਿਹਾ ਸੀ। ਬੱਚੇ ਦੇ ਦਾਦਾ ਬਹਾਦਰ ਸਿੰਘ ਨੇ ਦੱਸਿਆ ਸੀ ਕਿ ਕਰੀਬ 20 ਮਿੰਟ ਬਾਅਦ ਜਦੋਂ ਪਰਿਵਾਰਿਕ ਮੈਂਬਰਾਂ ਨੇ ਬੱਚੇ ਨੂੰ ਦੇਖਿਆ ਤਾਂ ਉਹ ਉੱਥੇ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਪਰਿਵਾਰ ਨੇ ਆਸ-ਪਾਸ ਦੀਆਂ ਗਲੀਆਂ, ਮੁਹੱਲੇ ਅਤੇ ਪਿੰਡ ਵਿਚ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਰਿਸ਼ਤੇਦਾਰਾਂ ਅਤੇ ਹੋਰ ਸੰਭਾਵਿਤ ਥਾਵਾਂ 'ਤੇ ਵੀ ਪਤਾ ਕੀਤਾ ਗਿਆ, ਪਰ ਬੱਚੇ ਦਾ ਕੋਈ ਸੁਰਾਗ ਨਹੀਂ ਲੱਗਿਆ।
ਕਾਫ਼ੀ ਭਾਲ ਕਰਨ ਦੇ ਬਾਵਜੂਦ ਬੱਚੇ ਦਾ ਪਤਾ ਨਾ ਲੱਗਣ 'ਤੇ ਪਰਿਵਾਰਿਕ ਮੈਂਬਰਾਂ ਨੇ ਲਾਲੜੂ ਪੁਲਿਸ ਥਾਣੇ ਵਿਚ ਲਿਖਤੀ ਸ਼ਿਕਾਇਤ ਦੇ ਕੇ ਬੱਚੇ ਦੀ ਭਾਲ ਕਰਨ ਦੀ ਗੁਹਾਰ ਲਗਾਈ ਸੀ। ਪਰ ਐਤਵਾਰ ਨੂੰ ਉਸ ਸਮੇਂ ਮਾਮਲੇ ਨੇ ਦਰਦਨਾਕ ਮੋੜ ਲੈ ਲਿਆ, ਜਦੋਂ ਮਾਸੂਮ ਦੀ ਲਾਸ਼ ਗੁਆਂਢੀਆਂ ਦੇ ਘਰ ਦੀ ਛੱਤ ਤੋਂ ਮਿਲੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਲਾਲੜੂ ਪੁਲਿਸ ਦੇ ਨਾਲ ਉੱਚ ਪੁਲਿਸ ਅਧਿਕਾਰੀ ਅਤੇ ਸੀ.ਆਈ.ਏ. ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਵਲੋਂ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਗੁਆਂਢੀਆਂ ਦੇ ਘਰ ਦੀ ਛੱਤ ਤੋਂ ਬੱਚੇ ਦੀ ਲਾਸ਼ ਮਿਲਣ ਕਾਰਨ ਘਟਨਾ ਦੇ ਹਾਲਾਤਾਂ ਨੂੰ ਲੈ ਕੇ ਪਿੰਡ ਵਿਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਹਾਲਾਂਕਿ ਪੁਲਿਸ ਵਲੋਂ ਅਜੇ ਤੱਕ ਮੌਤ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।