ਫ਼ਤਹਿਗੜ੍ਹ ਸਾਹਿਬ, 18 ਅਕਤੂਬਰ (ਮਨਪ੍ਰੀਤ ਸਿੰਘ)-ਪੰਜਾਬ ਦੇ ਲੋਕ ਸੁਹਿਰਦ ਤੇ ਸੁਚੇਤ ਹੋ ਰਹੇ ਹਨ, ਜਿਨ੍ਹਾਂ ਦੁਆਰਾ ਵੱਡੀ ਗਿਣਤੀ 'ਚ ਦੀਵਾਲੀ ਨੂੰ ਗ੍ਰੀਨ ਦੀਵਾਲੀ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਦੁਆਰਾ ਵੀ ਆਪਣੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ, ਜੋਕਿ ਸ਼ਲਾਘਾਯੋਗ ਕਦਮ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭੋਲਾ ਸਵੀਟਸ ਸਰਹਿੰਦ ਮੰਡੀ ਦੇ ਐਮ.ਡੀ ਅਮਰਜੀਤ ਸਿੰਘ ਭੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਅਮਰਜੀਤ ਭੋਲਾ ਨੇ ਕਿਹਾ ਕਿ ਗ੍ਰੀਨ ਦੀਵਾਲੀ ਮਨਾਉਣ ਨਾਲ ਜਿੱਥੇ ਵਾਤਾਵਰਨ ਬਹੁਤ ਘੱਟ ਪ੍ਰਦੂਸ਼ਿਤ ਹੋਵੇਗਾ, ਉੱਥੇ ਹੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੇ ਘਟਣ ਕਾਰਨ ਵੀ ਇਸ ਦਾ ਸਿੱਧੇ ਤੌਰ 'ਤੇ ਵਾਤਾਵਰਨ 'ਤੇ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਸਾਨੂੰ ਦੀਵਾਲੀ ਮੌਕੇ ਮਿਲਾਵਟ ਖੋਰਾਂ ਤੋਂ ਬਚਣ ਦੀ ਲੋੜ ਹੈ ਤੇ ਲੋਕ ਘੱਟ ਪੈਸਿਆਂ ਦੇ ਚੱਕਰ 'ਚ ਮਾੜੀਆਂ ਮਠਿਆਈਆਂ ਖ਼ਰੀਦ ਲੈਂਦੇ ਹਨ, ਜੋਕਿ ਸਿੱਧੇ ਤੌਰ 'ਤੇ ਸਾਡੇ ਸਰੀਰ ਤੇ ਬੁਰਾ ਅਸਰ ਪਾਉਂਦੀਆਂ ਹਨ |