ਫ਼ਤਹਿਗੜ੍ਹ ਸਾਹਿਬ, 18 ਅਕਤੂਬਰ (ਰਾਜਿੰਦਰ ਸਿੰਘ)-ਡਾਇਰੈਕਟੋਰੇਟ ਯੁਵਕ ਸੇਵਾਵਾਂ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਚੰਡੀਗੜ੍ਹ ਦੇ ਸਾਂਝੇ ਸਹਿਯੋਗ ਨਾਲ ਵੱਖ- ਵੱਖ ਵਿੱਦਿਅਕ ਸੰਸਥਾਵਾਂ ਵਿਚ ਚਲਾਏ ਜਾ ਰਹੇ ਰੈਡ ਰਿਬਨ ਕਲੱਬਾਂ ਦੇ ਨਾਟਕ ਮੁਕਾਬਲੇ ਮਾਤਾ ਗੁਜਰੀ ਕਾਲਜ ਵਿਖੇ ਕਰਵਾਏ ਗਏ | ਜਾਣਕਾਰੀ ਦਿੰਦਿਆਂ ਡਾ. ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਦੱਸਿਆ ਕਿ ਮੁਕਾਬਲੇ ਵਿਚ 43 ਰੈਡ ਰਿਬਨ ਕਲੱਬਾਂ ਨੇ ਹਿੱਸਾ ਲਿਆ ਅਤੇ ਨਾਟਕਾਂ ਰਾਹੀਂ ਐਚ.ਆਈ. ਵੀ./ਏਡਜ਼ ਦੇ ਮਾੜੇ ਪ੍ਰਭਾਵਾਂ ਤੋਂ ਜਨ ਸਾਧਾਰਨ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਿਹਤਮੰਦ ਰਹਿਣ ਅਤੇ ਖ਼ੂਨਦਾਨ ਕਰਨ ਲਈ ਉਤਸ਼ਾਹਿਤ ਕੀਤਾ | ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਲਿੰਕਨ ਕਾਲਜ ਆਫ਼ ਲਾਅ ਐਂਡ ਐਜੂਕੇਸ਼ਨ ਨੇ ਪਹਿਲਾ, ਮਾਤਾ ਗੁਜਰੀ ਕਾਲਜ ਨੇ ਦੂਜਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜਿਨ੍ਹਾਂ ਨੂੰ ਨਗਦ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |