ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੇ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਟਾ ਨੇ ਪੰਜਾਬ ਦਿਵਸ ਮੌਕੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕੀਤੇ ਜਾਣ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਕੇ ਪੰਜਾਬ ਯੂਨੀਵਰਸਿਟੀ 'ਤੇ ਸਿੱਧੇ ਤੌਰ ਤੇ ਕਬਜ਼ਾ ਕਰਕੇ ਸੂਬਾ ਵਾਸੀਆਂ ਨੂੰ ਡੂੰਘਾ ਜ਼ਖ਼ਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜ਼ਮੀਨ ਵਿਚ 59 ਸਾਲ ਪਹਿਲਾਂ ਬਣੀ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਅਤੇ ਗਰੈਜੂਏਟ ਕਰਕੇ ਗਏ ਵਿਦਿਆਰਥੀਆਂ, ਟੀਚਰਾਂ ਤੇ ਪਿੰ੍ਰਸੀਪਲਾਂ 'ਚੋਂ 15 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਸਨ, ਜੋ ਕਿ ਸਾਰੇ ਪੰਜਾਬ ਤੋਂ ਹੁੰਦੇ ਸਨ ਪਰ ਅੱਜ ਕੇਂਦਰ ਸਰਕਾਰ ਨੇ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਕੇ ਪੰਜਾਬ ਦੇ ਹੱਕਾਂ ਤੇ ਸਿੱਧਾ ਹਮਲਾ ਕੀਤਾ ਹੈ ਅਤੇ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿਚ ਵੀ ਆਪਣੀ ਮਨ ਮਰਜ਼ੀ ਨਾਲ ਮੈਂਬਰ ਨਾਮਜ਼ਦ ਕਰਕੇ ਯੂਨੀਵਰਸਿਟੀ ਦੇ ਪ੍ਰਬੰਧਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਮੈਨੇਜਮੈਂਟ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ, ਟੀਚਰ, ਪਿ੍ੰਸੀਪਲ ਤੇ ਸਾਬਕਾ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਮੈਨੇਜਮੈਂਟ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਚੱਲਦੇ ਸਨ | ਜਦੋਂਕਿ ਹੁਣ ਬਾਹਰੀ ਲੋਕ ਅਤੇ ਸਰਕਾਰ ਆਪਣੀ ਮਨ ਮਰਜ਼ੀ ਦੇ ਨਿਯਮ ਲਾਗੂ ਕਰੇਗੀ | ਭੁੱਟਾ ਨੇ ਕਿਹਾ ਕਿ ਕੇਂਦਰ ਦੀ ਸੱਤਾ 'ਤੇ ਕਾਬਜ਼ ਰਹੀਆਂ ਕਾਂਗਰਸ ਤੇ ਭਾਜਪਾ ਦੀਆਂ ਸਰਕਾਰਾਂ ਨੇ 1947 ਤੋਂ ਲੈ ਕੇ ਪੰਜਾਬ ਤੇ ਵਾਰ-ਵਾਰ ਅਸਿੱਧੇ ਢੰਗ ਨਾਲ ਹਮਲੇ ਕਰਕੇ ਪੰਜਾਬ ਨੂੰ ਟੁਕੜਿਆਂ 'ਚ ਵੰਡਿਆ, ਅੱਜ ਤੱਕ ਪੰਜਾਬ ਨੂੰ ਰਾਜਧਾਨੀ ਦਾ ਹੱਕ ਨਹੀਂ ਦਿੱਤਾ ਗਿਆ ਤੇ ਨਾ ਹੀ ਪਾਣੀਆਂ ਦਾ ਹੱਕ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ |