ਖਮਾਣੋਂ, 1 ਨਵੰਬਰ (ਮਨਮੋਹਣ ਸਿੰਘ ਕਲੇਰ)-ਮਨਿਸਟਰੀਅਲ ਯੂਨੀਅਨ ਸਿੱਖਿਆ ਵਿਭਾਗ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਵਿਚ ਕੈਬਨਿਟ ਸਬ ਕਮੇਟੀ ਨਾਲ ਹੋਈ ਜਿਸ ਦੀ ਪ੍ਰਧਾਨਗੀ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵਲੋਂ ਕੀਤੀ ਗਈ ਅਤੇ ਪ੍ਰਸੋਨਲ ਸਕੱਤਰ ਤੋਂ ਇਲਾਵਾ ਸਿੱਖਿਆ ਸਕੱਤਰ ਹਾਜ਼ਰ ਹੋਏ | ਸ. ਖੱਟੜਾ ਨੇ ਦੱਸਿਆ ਕਿ ਮੀਟਿੰਗ ਵਿਚ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਨੂੰ ਵਿਸਥਾਰ ਪੂਰਵਕ ਸੁਣਿਆ ਗਿਆ | ਮੀਟਿੰਗ ਵਿਚ ਕੁੱਲ ਪੰਜ ਮੰਗਾਂ 'ਤੇ ਵਿਚਾਰ ਵਟਾਂਦਰਾ ਹੋਇਆ, ਪਹਿਲੀ ਕਿ ਤਰਸ ਦੇ ਅਧਾਰ 'ਤੇ ਨਿਯੁਕਤ ਕਲਰਕਾਂ ਨੂੰ ਟਾਈਪ ਟੈਸਟ ਤੋਂ ਛੋਟ ਦੇਣ, ਕੰਪਿਊਟਰ ਸਿਖਲਾਈ ਕਰਵਾਉਣ ਤੇ ਸਹਿਮਤੀ ਬਣੀ, ਦੂਜਾ ਟੈਟ ਤੋਂ ਬਿਨਾਂ ਪ੍ਰਮੋਸ਼ਨ ਤੇ ਸਕੱਤਰ ਵਲੋਂ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਗਿਆ ਪਰ ਜਥੇਬੰਦੀ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਿੱਖਿਆ ਪ੍ਰੋਵਾਈਡਰ ਜਾਂ ਹੋਰ ਅਧਿਆਪਕ ਟੈਟ ਤੋਂ ਬਿਨਾਂ ਪ੍ਰਮੋਟ ਹੋਏ ਹਨ, ਨਾਨ ਟੀਚਿੰਗ ਨੂੰ ਵੀ ਉਸੇ ਤਰ੍ਹਾਂ ਪ੍ਰਮੋਟ ਕੀਤਾ ਜਾਵੇ | ਤੀਜਾ ਪ੍ਰਬੰਧ ਅਫ਼ਸਰ ਦੀ ਪੋਸਟ ਜੋ 2018 ਦੇ ਰੂਲਾਂ ਮੁਤਾਬਿਕ ਖ਼ਤਮ ਕਰ ਦਿੱਤੀ ਗਈ ਸੀ, ਮੁੜ ਸੁਰਜੀਤ ਕਰਨ ਦੀ ਸਹਿਮਤੀ ਬਣੀ, ਚੌਥਾ ਸੀਨੀਅਰ ਸਹਾਇਕ ਤੋਂ ਸੁਪਰਡੈਂਟ ਦਾ ਤਜਰਬਾ ਜੋ ਕਿ ਅੱਠ ਸਾਲ ਹੈ, ਨੂੰ ਘੱਟ ਤੋਂ ਘੱਟ ਕਰਨ ਦੀ ਸਹਿਮਤੀ ਬਣੀ | ਜਥੇਬੰਦੀ ਨੇ ਕਿਹਾ ਕਿ ਜੇਕਰ ਇਹ ਤਜਰਬਾ ਅੱਠ ਸਾਲ ਦਾ ਰਿਹਾ ਤਾਂ ਸਿੱਖਿਆ ਵਿਭਾਗ ਦਾ ਕਲਰਕ ਕਦੇ ਵੀ ਸੁਪਰਡੈਂਟ ਨਹੀਂ ਬਣ ਸਕਦਾ, ਇਸ ਸਮੇਂ 100 ਦੇ ਕਰੀਬ ਸੁਪਰਡੈਂਟ ਦੀਆਂ ਪੋਸਟਾਂ ਖ਼ਾਲੀ ਹਨ ਅਤੇ ਸਿੱਖਿਆ ਵਿਭਾਗ ਦਾ ਕਲਰਕ 30 ਸਾਲ ਸੇਵਾ ਕਰਨ ਉਪਰੰਤ ਵੀ ਸੁਪਰਡੈਂਟ ਨਹੀਂ ਬਣ ਰਿਹਾ | ਜਥੇਬੰਦੀ ਵਲੋਂ ਹੋਰ ਵਿਭਾਗਾਂ ਦਾ ਵੇਰਵੇ ਪੇਸ਼ ਕੀਤੇ ਗਏ ਜਿਸ ਵਿਚ ਕਲਰਕ ਤੋਂ ਸੁਪਰਡੈਂਟ ਜਲਦੀ ਹੀ ਬਣ ਜਾਂਦਾ ਹੈ, ਜਿਸ ਤੇ ਕਮੇਟੀ ਵਲੋਂ ਸਹਿਮਤੀ ਦਿੱਤੀ ਗਈ ਕਿ ਇਹ ਸਮਾਂ ਘੱਟ ਕੀਤਾ ਜਾਵੇਗਾ | ਪੰਜਵੀਂ ਮੰਗ ਜੂਨੀਅਰ ਸਹਾਇਕ ਦੀਆਂ ਪ੍ਰਮੋਸ਼ਨਾਂ ਸੰਬੰਧੀ ਉਨ੍ਹਾਂ ਕਿਹਾ ਕਿ ਛੇਵੇਂ ਪੇਅ ਕਮਿਸ਼ਨ ਵਿਚ ਇਹ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਜਥੇਬੰਦੀ ਵਲੋਂ ਹੋਰ ਵਿਭਾਗਾਂ ਜਿਵੇਂ ਕਿ ਦਾ ਹਵਾਲਾ ਦਿੱਤਾ ਤਾਂ ਵਿੱਤ ਮੰਤਰੀ ਵਲੋਂ ਇਸ ਮੰਗ ਨੂੰ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਸਿੱਖਿਆ ਸਕੱਤਰ ਨੂੰ ਜਲਦ ਹੀ ਕਾਰਵਾਈ ਆਰੰਭ ਕਰਨ ਲਈ ਕਿਹਾ | ਇਸ ਮੌਕੇ ਮਨਿਸਟਰੀਅਲ ਸਟਾਫ਼ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਮੁੱਖ ਸਲਾਹਕਾਰ ਅਨੁਰਿਧ ਮੋਦਗਿੱਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ, ਪਰਮਪਾਲ ਸਿੰਘ ਵਿੱਤ ਸਕੱਤਰ, ਦੀਪਕ ਜੈਨ ਲੁਧਿਆਣਾ, ਸੂਬਾ ਪੈੱ੍ਰਸ ਸਕੱਤਰ ਅਮਨਇੰਦਰ ਸਿੰਘ ਘੁਡਾਣੀ, ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਅਤੇ ਬੱਬਲ ਮੋਗਾ ਹਾਜ਼ਰ ਸਨ |