ਨਾਭਾ, 2 ਨਵੰਬਰ (ਕਰਮਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਨਾਭਾ ਸਬ-ਡਵੀਜ਼ਨ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਥੂਹੀ ਤੇ ਗੁਰਦੁਆਰਾ ਬਾਉਲੀ ਸਾਹਿਬ ਪਾਤਸ਼ਾਹੀ ਨੌਵੀਂ, ਰਾਮਗੜ੍ਹ ਬੌੜਾਂ ਕਲਾਂ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ, ਜਿਸ ਵਿਚ ਇਲਾਕੇ ਤੋਂ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕੀਤੀ | ਧਾਰਮਿਕ ਸਮਾਗਮ ਦੌਰਾਨ ਭਾਈ ਬਿਸ਼ਨ ਸਿੰਘ ਤੇ ਭਾਈ ਬਲੀ ਸਿੰਘ ਸਮੇਤ ਹੋਰ ਧਾਰਮਿਕ ਸ਼ਖ਼ਸੀਅਤਾਂ ਨੇ ਗੁਰਬਾਣੀ ਵਿਚਾਰਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸੇ ਲੜੀ ਤਹਿਤ ਨਾਭਾ ਹਲਕੇ ਵਿਚ ਵੀ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬਾਨ ਪਿੰਡਾਂ ਥੂਹੀ ਤੇ ਰਾਮਗੜ੍ਹ ਬੌੜਾਂ ਤੋਂ ਇਲਾਵਾ ਪਿੰਡ ਗੁਣੀਕੇ ਤੇ ਅਗੌਲ ਵਿਖੇ ਵੀ 8 ਤੇ 9 ਨਵੰਬਰ ਨੂੰ ਧਾਰਮਿਕ ਸਮਾਗਮ ਕਰਵਾਏ ਜਾਣੇ ਹਨ | ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਮਾਗਮਾਂ ਸੰਬੰਧੀ ਵੱਡੇ ਪੱਧਰ 'ਤੇ ਤਿਆਰੀ ਵਿੱਢੀ ਹੋਈ ਹੈ ਤੇ 23 ਨਵੰਬਰ ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ | ਇਸ ਦੌਰਾਨ ਐੱਸ. ਡੀ. ਐੱਮ. ਡਾ. ਇਸਮਤ ਵਿਜੇ ਸਿੰਘ ਨੇ ਕਿਹਾ ਕਿ ਸਬ-ਡਵੀਜ਼ਨ ਨਾਭਾ ਦੇ ਅਧੀਨ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਰੋਹਟਾ ਸਾਹਿਬ, ਧੰਗੇੜਾ ਤੇ ਸਿੰਬੜੋ ਵਿਖੇ ਵੀ ਅਜਿਹੇ ਸਮਾਗਮ ਕਰਵਾਏ ਜਾਣਗੇ | ਉਨ੍ਹਾਂ ਨੇ ਸਮੂਹ ਸੰਗਤ ਨੂੰ 4 ਨਵੰਬਰ ਨੂੰ ਪੋਲੋ ਗਰਾਊਾਡ ਵਿਖੇ ਸ਼ਾਮ 6 ਵਜੇ ਕਰਵਾਏ ਜਾ ਰਹੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਸ਼ਾਨਦਾਰ ਲਾਈਟ ਐਂਡ ਸਾਊਾਡ ਸ਼ੋਅ ਦੇਖਣ ਲਈ ਪੁੱਜਣ ਦਾ ਸੱਦਾ ਦਿੱਤਾ | ਇਸ ਮੌਕੇ ਇਲਾਕਾ ਦੀ ਸੰਗਤ ਮੌਜੂਦ ਰਹੀ |