ਫ਼ਤਹਿਗੜ੍ਹ ਸਾਹਿਬ, 21 ਨਵੰਬਰ (ਬਲਜਿੰਦਰ ਸਿੰਘ)-ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਪੰਜੋਲੀ ਕਲਾਂ ਦੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਵਿਚ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਤੇ ਖ਼ੂਨਦਾਨ ਕੈਂਪ ਲਗਾਇਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਕੈਂਪ ਦੌਰਾਨ 300 ਦੇ ਕਰੀਬ ਸੰਗਤਾਂ ਨੇ ਅੱਖਾਂ ਦੀ ਜਾਂਚ ਕਰਵਾਈ ਤੇ 50 ਦੇ ਕਰੀਬ ਸਵੈਇੱਛਿਤ ਖ਼ੂਨਦਾਨੀਆਂ ਨੇ ਖ਼ੂਨਦਾਨ ਕਰਕੇ ਕੈਂਪ ਵਿਚ ਆਪਣਾ ਯੋਗਦਾਨ ਪਾਇਆ | ਉਨ੍ਹਾਂ ਦੱਸਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ, ਗੁਰਦੁਆਰਾ ਖ਼ਾਲਸਾ ਦਰਬਾਰ ਪੰਜੋਲੀ ਕਲਾਂ, ਗ੍ਰਾਮ ਪੰਚਾਇਤ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਸਾਂਝੇ ਰੂਪ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 22 ਨਵੰਬਰ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਵਿਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਇਸੇ ਤਰ੍ਹਾਂ 23 ਨੂੰ ਗੁਰਦੁਆਰਾ ਸ੍ਰੀ ਖ਼ਾਲਸਾ ਦਰਬਾਰ ਵਿਚ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ, ਜਿਸ 'ਚ ਕੀਰਤਨੀ ਜਥੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਨਗੇ ਅਤੇ ਢਾਡੀ ਜਥੇ ਸ਼ਹੀਦਾਂ ਦਾ ਲਹੂ ਭਿੱਜਿਆ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਣਗੇ | ਖ਼ੂਨਦਾਨ ਕੈਂਪ ਦੌਰਾਨ ਲਾਇਫ ਲਾਇਨ ਬਲੱਡ ਬੈਂਕ ਪਟਿਆਲਾ ਦੇ ਡਾ. ਅਰੋੜਾ ਤੇ ਡਾ. ਅਰਸ਼ਪ੍ਰੀਤ ਕੌਰ ਦੀ ਟੀਮ ਨੇ ਸਵੈ ਇੱਛਿਤ ਖ਼ੂਨਦਾਨੀਆਂ ਪਾਸੋਂ ਖ਼ੂਨ ਦੇ ਯੂਨਿਟ ਇਕੱਠੇ ਕੀਤੇ | ਅੱਖਾਂ ਦਾ ਕੈਂਪ ਢਿੱਲੋਂ ਹਸਪਤਾਲ ਸਰਹਿੰਦ ਦੀ ਟੀਮ ਵਲੋਂ ਲਾਇਆ ਗਿਆ | ਇਸ ਮੌਕੇ ਨਿਸ਼ਾਨ ਸਿੰਘ ਚੀਮਾ, ਕੁਲਦੀਪ ਸਿੰਘ ਪੋਲਾ, ਦਵਿੰਦਰ ਸਿੰਘ ਬਹਿਲੋਲਪੁਰ, ਹਰਵਿੰਦਰ ਸਿੰਘ ਬਧੌਛੀ, ਸੁਖਦੇਵ ਸਿੰਘ ਨੰਬਰਦਾਰ, ਸਤਿਨਾਮ ਸਿੰਘ ਬਾਠ, ਮਲਕੀਤ ਸਿੰਘ ਪੰਜੋਲੀ, ਜਤਿੰਦਰ ਸਿੰਘ, ਗਿਆਨ ਸਿੰਘ, ਲਖਬੀਰ ਸਿੰਘ, ਅਮਨਪ੍ਰੀਤ ਸਿੰਘ ਅਮਨਾ, ਹਰਵਿੰਦਰ ਸਿੰਘ ਗੋਲਡੀ, ਨਵਪ੍ਰੀਤ ਸਿੰਘ, ਪ੍ਰਭਦੀਪ ਸਿੰਘ ਬਾਠ, ਸੁਖਬੀਰ ਸਿੰਘ ਬਾਠ, ਗੁਰਪ੍ਰੀਤ ਸਿੰਘ ਗਿੱਲ, ਹਰਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਧੀਮਾਨ, ਪੰਚਮ ਸਿੰਘ, ਬਲਵੀਰ ਸਿੰਘ ਵੀ ਹਾਜ਼ਰ ਸਨ |