ਫ਼ਤਹਿਗੜ੍ਹ ਸਾਹਿਬ, 22 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਗਰਮ ਆਗੂ ਜਥੇਦਾਰ ਮਨਮੋਹਨ ਸਿੰਘ ਮਕਾਰੋਂਪੁਰ ਦਾ ਅੱਜ ਸਮਾਜ ਦੀਆਂ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇਦਾਰ ਮਕਾਰੋਂਪੁਰ ਨੇ ਇਸ ਸਨਮਾਨ ਬਦਲੇ ਸ਼ਹਿਰ ਦੀਆਂ ਨਾਮੀ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਕੇਵਲ ਰਾਜਨੀਤੀ ਖੇਤਰ ਵਿਚ ਇਕ ਆਗੂ ਵਾਂਗ ਵਿਚਰਨਾ ਹੀ ਨਹੀਂ, ਸਗੋਂ ਸਮਾਜਿਕ ਕਾਰਜਾਂ ਵਿਚ ਯੋਗਦਾਨ ਪਾਉਂਦੇ ਹੋਏ ਲੋੜਵੰਦਾਂ ਦੀ ਮਦਦ ਕਰਨਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਜੀਵਨ, ਬਾਣੀ ਅਤੇ ਕੁਰਬਾਨੀਆਂ ਤੋਂ ਸੇਧ ਲੈਂਦੇ ਹੋਏ ਹੱਕ ਸੱਚ ਪਹਿਰਾ ਦੇਣਾ ਚਾਹੀਦਾ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਚੱਲ ਰਹੇ ਲੜੀਵਾਰ ਸਮਾਗਮਾਂ ਬਾਰੇ ਗੱਲ ਕਰਦਿਆਂ ਜਥੇਦਾਰ ਮਕਾਰੋਂਪੁਰ ਨੇ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ ਤੇ ਅਜਿਹੀ ਮਿਸਾਲ ਦੁਨੀਆ 'ਤੇ ਕਿਧਰੇ ਹੋਰ ਨਹੀਂ ਮਿਲਦੀ | ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਿਆਈ ਦਿਵਸ ਮਨਾਉਂਦੇ ਹੋਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਜੀਵਨ, ਸ਼ਹਾਦਤ ਤੇ ਮਨੁੱਖਤਾ ਦੇ ਭਲੇ ਦੇ ਸਦੀਵੀਂ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਵਰਿੰਦਰ ਕੁਮਾਰ ਭੋਲੀ, ਸਰਤੇਗ ਸਿੰਘ ਪਾਲੀ, ਗੁਰਜੀਤ ਸਿੰਘ ਪੰਜਕੋਹਾ, ਨਰਿੰਦਰ ਸਿੰਘ ਤਕਿਆਰ, ਰਾਜੂ, ਨੀਟਾ ਘੁੰਮਣ ਤੋਂ ਇਲਾਵਾ ਹੋਰ ਸ਼ਹਿਰਵਾਸੀ ਹਾਜ਼ਰ ਸਨ |