12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਤਲਵੰਡੀ ਸਾਬੋ ਤੋਂ ਮੁਹਾਲੀ ਪੁੱਜੇ ਨਗਰ ਕੀਰਤਨ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਕੀਤਾ ਰਵਾਨਾ <br/>

Ad Position 21
No active advertisement
ਅਜੀਤ ਡੈਸਕ 23-11-2025
ਐੱਸ. ਏ. ਐੱਸ. ਨਗਰ, 22 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਗੁਰੂ ਤੇਗ਼ ਬਹਾਦਰ ਜੀ ਤੇ ਉਨ੍ਹਾਂ ਦੇ ਅਨਿੰਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਸਜਾਏ ਵਿਸ਼ਾਲ ਨਗਰ ਕੀਰਤਨ ਵਲੋਂ ਮੁਹਾਲੀ ਵਿਖੇ ਰਾਤਰੀ ਦੇ ਵਿਸ਼ਰਾਮ ਉਪਰੰਤ ਅੱਜ ਸਵੇਰੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਅਗਲੇ ਪੜਾਅ ਸ੍ਰੀ ਅਨੰਦਪੁਰ ਸਾਹਿਬ ਲਈ ਚਾਲੇ ਪਾਏ ਗਏ | ਨਗਰ ਕੀਰਤਨ 'ਚ ਆਈਆਂ ਸੰਗਤਾਂ ਵਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸ਼ੁੱਕਰਵਾਰ ਦੇ ਰਾਤਰੀ ਦੇ ਵਿਸ਼ਰਾਮ ਤੋਂ ਬਾਅਦ ਅੱਜ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਅਗਲੇ ਪੜਾਅ ਲਈ ਰਵਾਨਾ ਹੋਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੱਖ ਆਸਣ ਅਸਥਾਨ ਤੋਂ ਪਾਲਕੀ ਸਾਹਿਬ ਤੱਕ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ 'ਚ ਪੂਰਨ ਸ਼ਰਧਾ ਤੇ ਮਰਿਆਦਾ ਨਾਲ ਲਿਆਂਦਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਮੌਜੂਦ ਸੰਗਤਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ, ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਕੌਂਸਲਰ ਸਰਬਜੀਤ ਸਿੰਘ ਸਮਾਣਾ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐਸ. ਡੀ. ਐਮ. ਮੁਹਾਲੀ ਦਮਨਦੀਪ ਕੌਰ ਆਦਿ ਵੀ ਹਾਜ਼ਰ ਸਨ | ਜੈਕਾਰਿਆਂ ਦੀ ਗੂੰਜ 'ਚ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ 'ਚ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਸਮੁੱਚੀ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਕਿ੍ਪਾ ਦਿ੍ਸ਼ਟੀ ਦੀ ਪਾਤਰ ਬਣੀ ਹੈ, ਜਿਸ ਨੂੰ ਇਹ ਸ਼ਹੀਦੀ ਸ਼ਤਾਬਦੀ ਮਨਾਉਣ ਦਾ ਮੌਕਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਸੰਗਤਾਂ ਨੂੰ 23 ਨਵੰਬਰ ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਰਕਾਰ ਵਲੋਂ ਗੁਰੂ ਸਾਹਿਬ ਦੀ ਵਡਿਆਈ 'ਚ ਰੱਖੇ ਗਏ ਸਮਾਗਮਾਂ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੇ ਤਿਆਗ ਤੇ ਮਾਨਵੀ ਹੱਕਾਂ ਦੀ ਰਾਖੀ ਨੂੰ ਸਮਰਪਿਤ ਬਲਿਦਾਨ ਨੂੰ ਮੁੱਖ ਰੱਖ ਕੇ ਵਿਸ਼ੇਸ਼ ਸੈਸ਼ਨ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਖੁਸ਼ਕਿਸਮਤ ਹੈ ਕਿ ਸਾਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੌਰਾਨ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ | ਉਨ੍ਹਾਂ ਗੁਰਦੁਆਰਾ ਅੰਬ ਸਾਹਿਬ ਤੇ ਸਿੰਘ ਸ਼ਹੀਦਾਂ ਸੋਹਾਣਾ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟਾਇਆ, ਜਿਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਰਨ ਸਹਿਯੋਗ ਕਰਦਿਆਂ ਸੰਗਤਾਂ ਦੇ ਠਹਿਰਨ ਦੀ ਵਿਵਸਥਾ ਕੀਤੀ ਹੈ | ਉਪਰੰਤ ਨਗਰ ਕੀਰਤਨ ਏਅਰਪੋਰਟ ਰੋਡ ਰਾਹੀਂ ਖਰੜ ਫਲਾਈ ਓਵਰ ਤੋਂ ਹੁੰਦਾ ਹੋਇਆ ਗੁਰਦੁਆਰਾ ਕਰਤਾਰਸਰ ਸਾਹਿਬ ਪਡਿਆਲਾ ਵਿਖੇ ਪੁੱਜਿਆ, ਜਿਥੇ ਇਕੱਤਰ ਹੋਈ ਸੰਗਤ ਵਲੋਂ ਫੁੱਲਾਂ ਦੀ ਵਰਖਾ ਕਰਕੇ, ਰੁਮਾਲਾ ਸਾਹਿਬ ਭੇਟ ਕਰਕੇ ਤੇ ਲੰਗਰ ਦੀ ਵਿਵਸਥਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਮੌਕੇ ਐਸ. ਡੀ. ਐਮ. ਖਰੜ ਦਿਵਿਆ ਪੀ ਵੀ ਉਚੇਚੇ ਤੌਰ 'ਤੇ ਨਗਰ ਕੀਰਤਨ ਦੇ ਦਰਸ਼ਨਾਂ ਲਈ ਪੁੱਜੇ ਹੋਏ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਸਕੂਲ 'ਚ 'ਯੁੱਧ ਦੇ ਨਿਸ਼ਾਨ' ਇੰਟਰ ਕਲਾਸ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ
Ad Position 24