09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਸੈਸ਼ਨ ਜੱਜ ਅਰੁਣ ਗੁਪਤਾ ਨੇ ਫ਼ਤਹਿਗੜ੍ਹ ਸਾਹਿਬ ਤੋਂ ਨਸ਼ਿਆਂ ਵਿਰੁੱਧ ਮੁਹਿੰਮ ਦਾ ਕੀਤਾ ਆਗਾਜ਼

Ad Position 21
No active advertisement
ਅਜੀਤ ਡੈਸਕ 08-12-2025
ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਮਨਪ੍ਰੀਤ ਸਿੰਘ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਰੁਣ ਕੁਮਾਰ ਗੁਪਤਾ ਨੇ ਨਸ਼ਾ ਮੁਕਤੀ ਕੇਂਦਰ ਬ੍ਰਾਹਮਣ ਮਾਜਰਾ, ਫ਼ਤਹਿਗੜ੍ਹ ਸਾਹਿਬ ਤੋਂ 'ਨਸ਼ਿਆਂ ਵਿਰੁੱਧ ਨੌਜਵਾਨ' ਨਾਂਅ ਹੇਠ ਜ਼ਿਲ੍ਹਾ ਪੱਧਰੀ ਮੁਹਿੰਮ ਦਾ ਆਗਾਜ਼ ਕੀਤਾ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਚਲਾਈ ਗਈ ਹੈ, ਜਿਸ ਦੀ ਸ਼ੁਰੂਆਤ ਬੀਤੀ ਰਾਤ ਚੀਫ਼ ਜਸਟਿਸ ਆਫ਼ ਇੰਡੀਆ ਜਸਟਿਸ ਸੂਰਯਾ ਕਾਂਤ ਵਲੋਂ ਗੁੜਗਾਉਂ ਤੋਂ ਕੀਤੀ ਗਈ ਹੈ | ਮੁਹਿੰਮ ਦੇ ਸ਼ੁੱਭ ਆਰੰਭ ਮੌਕੇ, ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦਾ ਮੁੱਦਾ ਸਿਰਫ਼ ਕਾਨੂੰਨ ਅਤੇ ਵਿਵਸਥਾ ਦਾ ਮਾਮਲਾ ਨਹੀਂ, ਸਗੋਂ ਇਹ ਸਾਡੇ ਦੇਸ਼ ਦੇ ਭਵਿੱਖ ਦੀ ਰੱਖਿਆ ਦਾ ਸਵਾਲ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਜਦੋਂ ਇਹ ਰੀੜ੍ਹ ਦੀ ਹੱਡੀ ਕਮਜ਼ੋਰ ਹੁੰਦੀ ਹੈ, ਤਾਂ ਪੂਰਾ ਸਮਾਜ ਦੁੱਖ ਭੋਗਦਾ ਹੈ | ਸਾਡੀ ਨਿਆਂ ਪ੍ਰਣਾਲੀ ਦੇਸ਼ ਨੂੰ ਸਹੀ ਰਾਹ ਦਿਖਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ | ਇਹ ਮੁਹਿੰਮ ਅਦਾਲਤਾਂ, ਕਾਨੂੰਨੀ ਸੇਵਾਵਾਂ ਅਥਾਰਟੀਆਂ, ਅਤੇ ਨੌਜਵਾਨਾਂ ਵਿਚਕਾਰ ਇਕ ਪੁਲ਼ ਬਣਾਏਗੀ ਤਾਂ ਜੋ ਉਹ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੋ ਸਕਣ | ਅਰੁਣ ਗੁਪਤਾ ਨੇ ਨਸ਼ਾ ਮੁਕਤੀ ਕੇਂਦਰ ਵਿਚ ਜੇਰੇ ਇਲਾਜ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਦਿ੍ੜ੍ਹ ਇਰਾਦੇ ਨਾਲ ਆਪਣੇ ਮਨ 'ਤੇ ਕਾਬੂ ਪਾ ਸਕਦੇ ਹਨ ਅਤੇ ਨਸ਼ਿਆਂ ਦੀ ਭੈੜੀ ਆਦਤ ਨੂੰ ਹਮੇਸ਼ਾ ਲਈ ਛੱਡ ਸਕਦੇ ਹਨ | ਉਨ੍ਹਾਂ ਨੇ ਮੌਕੇ 'ਤੇ ਹੀ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਸ਼ਾ ਮੁਕਤੀ ਕੇਂਦਰ ਵਿਚੋਂ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਨੂੰ , ਉਨ੍ਹਾਂ ਦੇ ਹੁਨਰ ਮੁਤਾਬਿਕ ਉਦਯੋਗਾਂ, ਪ੍ਰਾਈਵੇਟ ਕੰਪਨੀਆਂ ਵਿਚ ਰੁਜ਼ਗਾਰ ਦਿਵਾਉਣ ਲਈ ਢੁਕਵੇਂ ਕਦਮ ਚੁੱਕੇ ਜਾਣ | ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਸ਼ੋਕ ਕੁਮਾਰ ਚੌਹਾਨ ਨੇ ਜਿੱਥੇ ਸਾਰਿਆਂ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ, ਓਥੇ ਹੀ ਅਥਾਰਟੀ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਉਲੀਕੀਆਂ ਗਈਆਂ ਗਤੀਵਿਧੀਆਂ ਬਾਰੇ ਵੀ ਦੱਸਿਆ | ਉਨ੍ਹਾਂ ਦੱਸਿਆ ਕਿ ਅੱਜ ਆਰੰਭ ਹੋਈ ਮੁਹਿੰਮ 6 ਜਨਵਰੀ 2026 ਤੱਕ ਜਾਰੀ ਰਹੇਗੀ ਜਿਸ ਵਿਚ ਹਰ ਵਰਗ, ਹਰ ਨਾਗਰਿਕ ਨੂੰ ਭਰਪੂਰ ਸਹਿਯੋਗ ਦੇਣਾ ਚਾਹੀਦਾ ਹੈ | ਇਸ ਮੌਕੇ ਐੱਸ. ਪੀ. ਜਸਕੀਰਤ ਸਿੰਘ, ਪੁਲਿਸ ਅਧਿਕਾਰੀ ਕੁਲਵੰਤ ਸਿੰਘ ਅਤੇ ਮਨੋਰੋਗ ਮਾਹਿਰ ਡਾ. ਸਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ 'ਆਪ' ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਰ ਰਹੀ ਹੈ ਧੱਕਾ- ਬਿੱਲੂ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੰਗਾ ਗੋਬਿੰਦ ਧਾਮ, ਗੋਬਿੰਦ ਨਗਰ ਤੇ ਪਿਹੋਵਾ ਵਿਖੇ ਗੁਰਮਤਿ ਸਮਾਗਮ
Ad Position 24