ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਬਲਜਿੰਦਰ ਸਿੰਘ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਬੁੰਗਾ ਗੋਬਿੰਦ ਧਾਮ, ਗੋਬਿੰਦ ਨਗਰ, ਪਿਹੋਵਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਿੰਘ ਸਾਹਿਬਾਨ, ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀ ਜਥੇ, ਸੰਤ ਮਹਾਂਪੁਰਸ਼, ਨਿਹੰਗ ਸਿੰਘ ਦਲ ਪੰਥ ਨੇ ਹਾਜ਼ਰੀ ਭਰੀ | ਇਸ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਅਜੋਕੇ ਸਮੇਂ ਵਿਚ ਪੰਥਕ ਏਕਤਾ ਤੇ ਮਜ਼ਬੂਤ ਸਿੱਖ ਸ਼ਕਤੀ ਦੀ ਸਖ਼ਤ ਲੋੜ ਹੈ | ਸਭ ਧਿਰਾਂ ਦਵੈਤ, ਦਵੰਦ ਤਿਆਗ ਕੇ ਇਕੱਤਰ ਹੋ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿਨ ਗੁਰਸਿੱਖਾਂ ਦੀ ਸ਼ਹੀਦੀ ਸ਼ਤਾਬਦੀ ਮਨਾ ਰਹੀਆਂ ਹਨ ਅਤੇ 23 ਤੋਂ 25 ਤੱਕ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ਼ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਵਿਖੇ ਹੋਏ | ਉਨ੍ਹਾਂ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਨੂੰ ਸਮਰਪਿਤ 1977 ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਗਿਆ, ਇਹ ਵੀ ਇਕ ਇਤਿਹਾਸਕ ਤੇ ਯਾਦਗਾਰੀ ਫ਼ੈਸਲਾ ਸੀ | ਉਨ੍ਹਾਂ ਕਿਹਾ ਅੱਜ ਪੰਥਕ ਕਹਾਉਣ ਵਾਲੇ ਆਗੂਆਂ ਵਿਚ ਪੰਥਕ ਸ਼ਕਤੀ ਲਈ ਨਿਮਰਤਾ, ਤਿਆਗ ਦੀ ਭਾਵਨਾ ਹੋਣੀ ਜ਼ਰੂਰੀ ਹੈ ਤੇ ਆਪਣੇ ਅੰਦਰੋਂ ਹਾਊਮੇ ਦਾ ਨਾਸ਼ ਹੋਣਾ ਬਹੁਤ ਲਾਜ਼ਮੀ ਹੈ | ਗੁਰਮਤਿ ਵੀ ਇਸ ਦੀ ਸ਼ਾਹਦੀ ਭਰਦੀ ਹੈ | ਜਦੋਂ ਜ਼ਾਲਮ ਖ਼ਤਮ ਹੋ ਜਾਵੇ ਤਾਂ ਜ਼ਬਰ ਆਪ ਹੀ ਮਰ ਮੁੱਕ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਬੁੱਢਾ ਦਲ ਦੇ ਉਨ੍ਹਾਂ ਮੁਖੀਆਂ ਦੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਕੌਮ ਨੂੰ ਸੁਯੋਗ ਅਗਵਾਈ ਦਿੱਤੀ, ਉਹੀ ਯਾਦਗਾਰੀ ਲਾਸਾਨੀ ਹੋ ਕੇ ਇਤਿਹਾਸ ਦੀ ਪਾਤਰ ਬਣੀ | ਗੁਰਮਤਿ ਸਮਾਗਮ ਵਿਚ ਬੁੱਢਾ ਦਲ ਪਾਸ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਵੀ ਕਰਵਾਏ ਗਏ ਅਤੇ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਨੇ ਗੁਰਬਾਣੀ ਕੀਰਤਨ, ਢਾਡੀ, ਬਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਬਾਬਾ ਸੁਖਜੀਤ ਸਿੰਘ ਘਨੱਈਆ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਜੱਸਾ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਵਿਸ਼ਵ ਪ੍ਰਤਾਪ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਜਸਬੀਰ ਸਿੰਘ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬੂਟਾ ਸਿੰਘ ਲੰਬਵਾਲੀ ਤੇ ਬਾਬਾ ਗਗਨਦੀਪ ਸਿੰਘ ਆਦਿ ਹਾਜ਼ਰ ਸਨ |