ਮੰਡੀ ਗੋਬਿੰਦਗੜ੍ਹ, 18 ਦਸੰਬਰ (ਇਕਬਾਲਦੀਪ ਸੰਧੂ)-ਪੰਜਾਬ ਵਿਚ ਹਾਲ ਹੀ ਵਿਚ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਨੂੰ ਨਵਾਂ ਮੋੜ ਦਿੱਤਾ ਹੈ | ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਮਜ਼ਬੂਤ ਜਨ-ਸਮਰਥਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ, ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਬੁਨਿਆਦ ਕਾਫ਼ੀ ਮਜ਼ਬੂਤ ਹੋ ਚੁੱਕੀ ਹੈ, ਜਿਸ ਨਾਲ ਸਾਫ਼ ਹੈ ਕਿ 2027 ਵਿਚ ਮੁੜ 'ਆਪ' ਦੀ ਹੀ ਸਰਕਾਰ ਬਣੇਗੀ | ਇਹ ਗੱਲ ਜ਼ਿਲ੍ਹਾ ਮੀਡੀਆ ਇੰਚਾਰਜ ਜਗਦੀਸ਼ ਸਿੰਘ ਗੋਲਡੀ ਘੁੰਮਣ ਨੇ ਕਹੀ | ਉਨ੍ਹਾਂ ਅੱਗੇ ਕਿਹਾ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਪੱਧਰ 'ਤੇ 'ਆਪ' ਦੇ ਉਮੀਦਵਾਰਾਂ ਨੇ ਵੱਡੀ ਗਿਣਤੀ ਵਿਚ ਜਿੱਤ ਦਰਜ ਕੀਤੀ | ਪਿੰਡ ਪੱਧਰ 'ਤੇ ਵਿਕਾਸ, ਪਾਰਦਰਸ਼ਤਾ ਅਤੇ ਲੋਕ-ਹਿਤੈਸ਼ੀ ਨੀਤੀਆਂ ਦੇ ਵਾਅਦਿਆਂ ਨੂੰ ਲੋਕਾਂ ਨੇ ਖੁੱਲ੍ਹ ਕੇ ਸਮਰਥਨ ਦਿੱਤਾ | ਇਹ ਚੋਣਾਂ ਗਰਾਊਾਡ ਲੈਵਲ 'ਤੇ ਪਾਰਟੀ ਦੀ ਮਜ਼ਬੂਤ ਪਕੜ ਅਤੇ ਕੈਡਰ ਦੀ ਸਰਗਰਮੀ ਨੂੰ ਵੀ ਦਰਸਾਉਂਦੀਆਂ ਹਨ | ਉੱਧਰ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਕਸਰ ਲੋਕਾਂ ਦੇ ਮੂਡ ਅਤੇ ਸਰਕਾਰ ਪ੍ਰਤੀ ਵਿਸ਼ਵਾਸ ਦਾ ਅਸਲੀ ਪੈਮਾਨਾ ਹੁੰਦੀਆਂ ਹਨ | ਇਨ੍ਹਾਂ ਨਤੀਜਿਆਂ ਰਾਹੀਂ ਇਹ ਸੰਕੇਤ ਮਿਲਿਆ ਹੈ ਕਿ ਪਿੰਡਾਂ ਅਤੇ ਕਸਬਿਆਂ ਵਿਚ 'ਆਪ' ਦੀ ਪਹੁੰਚ ਲਗਾਤਾਰ ਵੱਧ ਰਹੀ ਹੈ, ਜਦੋਂਕਿ ਵਿਰੋਧੀ ਧਿਰਾਂ ਨੂੰ ਵੱਡਾ ਝਟਕਾ ਲੱਗਿਆ ਹੈ | ਪਾਰਟੀ ਆਗੂਆਂ ਨੇ ਕਿਹਾ ਕਿ ਇਹ ਜਿੱਤ ਸਿਰਫ਼ ਇਕ ਚੋਣੀ ਸਫਲਤਾ ਨਹੀਂ, ਸਗੋਂ ਲੋਕਾਂ ਦੇ ਭਰੋਸੇ ਦੀ ਮੋਹਰ ਹੈ | ਉਨ੍ਹਾਂ ਮੁਤਾਬਿਕ ਬਲਾਕ ਤੇ ਜ਼ਿਲ੍ਹਾ ਪੱਧਰ 'ਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ, ਤਾਂ ਜੋ ਲੋਕਾਂ ਦੇ ਰੋਜ਼ਮਰ੍ਹਾ ਜੀਵਨ ਵਿਚ ਸਪੱਸ਼ਟ ਬਦਲਾਅ ਆ ਸਕੇ | ਇਨ੍ਹਾਂ ਚੋਣਾਂ ਵਿਚ ਉੱਚ ਵੋਟਰ ਟਰਨਆਊਟ ਨੇ ਵੀ ਇਹ ਸਾਬਤ ਕੀਤਾ ਹੈ ਕਿ ਲੋਕ ਹੋਰਨਾਂ ਪਾਰਟੀਆਂ ਪ੍ਰਤੀ ਹੁਣ ਵੀ ਵਿਸ਼ਵਾਸ ਨਹੀਂ ਰੱਖਦੇ | ਉਨ੍ਹਾਂ ਅਮਲੋਹ ਵਿਚ ਵੀ ਪਾਰਟੀ ਨੂੰ ਮਿਲੀ ਜਿੱਤ ਲਈ ਵੀ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਕੀਤੇ ਜਾ ਰਹੇ ਬਿਨਾਂ ਭੇਦਭਾਵ ਵਿਕਾਸ ਕਾਰਜ ਇਸ ਗੱਲ ਦਾ ਸਬੂਤ ਹਨ |