20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸੀਆਂ ਨੇ ਲਗਾਏ ਗੜਬੜੀ ਦੇ ਗੰਭੀਰ ਦੋਸ਼

Ad Position 21
No active advertisement
ਅਜੀਤ ਡੈਸਕ 19-12-2025
ਫ਼ਤਹਿਗੜ੍ਹ ਸਾਹਿਬ, 18 ਦਸੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਉਸ ਵੇਲੇ ਸਿਆਸੀ ਤਣਾਅ ਕਾਫ਼ੀ ਵੱਧ ਗਿਆ, ਜਦੋਂ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਨਾਗਰਾ ਨੇ ਬਾਲਪੁਰ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਗਿਣਤੀ ਸਮੇਂ ਆਮ ਆਦਮੀ ਪਾਰਟੀ 'ਤੇ ਚੋਣ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਬਾਲਪੁਰ ਜੋਨ ਤੋਂ ਬਲਾਕ ਸੰਮਤੀ ਦੀ ਚੋਣ ਦੌਰਾਨ ਵੋਟਾਂ ਦੀ ਗਿਣਤੀ ਵਿਚ ਜਾਣਬੁੱਝ ਕੇ ਗੜਬੜੀ ਕੀਤੀ ਗਈ ਹੈ | ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨਾਗਰਾ ਨੇ ਦੱਸਿਆ ਕਿ ਬਾਲਪੁਰ ਜੋਨ ਤੋਂ ਕਾਂਗਰਸ ਪਾਰਟੀ ਦੀ ਬਲਾਕ ਸੰਮਤੀ ਉਮੀਦਵਾਰ ਵੋਟਾਂ ਦੀ ਗਿਣਤੀ ਸਮੇਂ ਸਪੱਸ਼ਟ ਤੌਰ 'ਤੇ ਜੇਤੂ ਰਹੀ ਸੀ | ਉਨ੍ਹਾਂ ਮੁਤਾਬਿਕ ਗਿਣਤੀ ਦੌਰਾਨ 'ਆਪ' ਦਾ ਉਮੀਦਵਾਰ ਕਰੀਬ 9 ਵੋਟਾਂ ਨਾਲ ਪਿੱਛੇ ਚੱਲ ਰਿਹਾ ਸੀ, ਪਰ ਇਸ ਦੇ ਬਾਵਜੂਦ ਅਚਾਨਕ ਨਤੀਜੇ ਦੀ ਘੋਸ਼ਣਾ ਰੋਕ ਦਿੱਤੀ ਗਈ | ਨਾਗਰਾ ਨੇ ਇਹ ਵੀ ਦੋਸ਼ ਲਗਾਇਆ ਕਿ 'ਆਪ' ਦੇ ਉਮੀਦਵਾਰ ਦਾ ਭਰਾ ਕਾਉਂਟਿੰਗ ਸੈਂਟਰ ਅੰਦਰ ਸਰਕਾਰੀ ਡਿਊਟੀ 'ਤੇ ਤਾਇਨਾਤ ਸੀ, ਜਿਸ ਨੇ ਆਪਣੇ ਰਸੂਖ਼ ਦਾ ਗ਼ਲਤ ਇਸਤੇਮਾਲ ਕਰਕੇ ਨਤੀਜੇ ਨੂੰ ਪ੍ਰਭਾਵਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਗਿਣਤੀ ਰੋਕ ਕੇ ਬਾਅਦ ਵਿਚ ਪ੍ਰਸ਼ਾਸਨ ਤੇ 'ਆਪ' ਦੇ ਆਗੂਆਂ ਦੀ ਮਿਲੀਭੁਗਤ ਨਾਲ ਕਾਂਗਰਸ ਪਾਰਟੀ ਦੀ ਜੇਤੂ ਉਮੀਦਵਾਰ ਨੂੰ ਹਾਰਿਆ ਹੋਇਆ ਕਰਾਰ ਦੇ ਦਿੱਤਾ ਗਿਆ | ਸਾਬਕਾ ਵਿਧਾਇਕ ਨੇ ਕਿਹਾ ਕਿ ਇਹ ਘਟਨਾ ਲੋਕਤੰਤਰਿਕ ਪ੍ਰਣਾਲੀ 'ਤੇ ਸਿੱਧਾ ਹਮਲਾ ਹੈ ਅਤੇ ਇਸ ਨਾਲ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ 'ਤੇ ਗੰਭੀਰ ਸਵਾਲ ਖੜੇ੍ਹ ਹੁੰਦੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਨਿਰਪੱਖ ਢੰਗ ਨਾਲ ਗਿਣਤੀ ਕੀਤੀ ਜਾਂਦੀ ਤਾਂ ਕਾਂਗਰਸ ਪਾਰਟੀ ਦੀ ਉਮੀਦਵਾਰ ਦੀ ਜਿੱਤ ਯਕੀਨੀ ਸੀ | ਨਾਗਰਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਸਬੰਧੀ ਮੌਕੇ 'ਤੇ ਮੌਜੂਦ ਚੋਣ ਅਧਿਕਾਰੀਆਂ ਨੂੰ ਤੁਰੰਤ ਜਾਣੂ ਕਰਵਾਇਆ ਗਿਆ ਸੀ ਤੇ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ | ਇਸ ਤੋਂ ਇਲਾਵਾ ਚੋਣ ਕਮਿਸ਼ਨ ਕੋਲ ਵੀ ਵਿਸਥਾਰ ਨਾਲ ਸ਼ਿਕਾਇਤ ਭੇਜੀ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਵਲੋਂ ਇਸ ਮਾਮਲੇ 'ਚ ਨਿਰਪੱਖ ਜਾਂਚ ਨਾ ਕੀਤੀ ਗਈ ਤੇ ਇਨਸਾਫ਼ ਨਾ ਮਿਲਿਆ, ਤਾਂ ਕਾਂਗਰਸ ਪਾਰਟੀ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਪਿੱਛੇ ਨਹੀਂ ਹਟੇਗੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਵਲੋਂ ਮਾਤਾ ਗੁਜਰੀ ਕਾਲਜ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਰਾਸ਼ਟਰੀ ਚਿੱਤਰਕਾਰੀ ਮੁਕਾਬਲੇ 'ਚ ਜੀ. ਪੀ. ਐੱਸ. ਵਿਦਿਆਰਥੀ ਅਨਹਦ ਨੇ ਦਿਖਾਈ ਕਲਾ
Ad Position 24