ਸਮਾਣਾ, 19 ਦਸੰਬਰ (ਸਾਹਿਬ ਸਿੰਘ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਸਮਾਣਾ ਸ਼ਹਿਰ ਦੀ ਮੁੱਖ ਸੜਕ 'ਤੇ ਸਥਿਤ ਇਕ ਸੈਨੇਟਰੀ ਦੀ ਦੁਕਾਨ 'ਚ ਦਾਖ਼ਲ ਹੋ ਕੇ 1.25 ਲੱਖ ਰੁਪਏ ਦੀ ਨਕਦੀ ਤੇ ਸੋਨੇ ਦੀ ਚੈਨ ਚੋਰੀ ਕਰ ਲਈ ਹੈ | ਮਾਲਕਾਂ ਨੂੰ ਚੋਰੀ ਸੰਬੰਧੀ ਜਾਣਕਾਰੀ ਸਵੇਰੇ ਦੁਕਾਨ ਖੋਲ੍ਹਣ 'ਤੇ ਮਿਲੀ | ਸੂਚਨਾ ਮਿਲਣ 'ਤੇ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ | ਦੁਕਾਨ ਮਾਲਕ ਰਵੀ ਸਿੰਗਲਾ ਨੇ ਦੱਸਿਆ ਕਿ ਬੀਤੇ ਦਿਨ ਆਈ ਰਕਮ ਉਨ੍ਹਾਂ ਨੇ ਦੁਕਾਨ ਵਿਚ ਹੀ ਰੱਖ ਦਿੱਤੀ ਸੀ ਤੇ ਉਹ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਲਈ ਚਲੇ ਗਏ ਸਨ | ਇਸ ਦੇ ਨਾਲ ਹੀ ਸੋਨੇ ਦੀ ਚੈਨ ਪਈ ਸੀ | ਅੱਧੀ ਰਾਤ ਦੇ ਕਰੀਬ ਗੁਆਂਢ ਵਾਲੇ ਪਾਸਿਉਂ ਚੋਰ ਦੁਕਾਨ ਅੰਦਰ ਦਾਖਲ ਹੋਏ ਅਤੇ ਦਰਾਜ ਵਿਚ ਰੱਖੀ 1.25 ਲੱਖ ਰੁਪਏ ਦੀ ਨਕਦੀ ਤੇ ਸੋਨੇ ਦੀ ਚੈਨ ਚੋਰੀ ਕਰਕੇ ਲੈ ਗਏ | ਉਨ੍ਹਾਂ ਅੱਗੇ ਦੱਸਿਆ ਕਿ ਚੋਰਾਂ ਨੇ ਦੁਕਾਨ ਵਿਚ ਦਾਖਲ ਹੋਣ ਤੋਂ ਪਹਿਲਾਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ | ਪੁਲਿਸ ਅਨੁਸਾਰ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ |